ਮੋਹਾਲੀ, 4 ਮਈ 2022 – ਯੂਥ ਅਕਾਲੀ ਆਗੂ ਵਿਕਰਮ ਸਿੰਘ ਉਰਫ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਮੋਹਾਲੀ ਪੁਲਸ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਕਰਨਾਲ ਜੇਲ੍ਹ ਵਿਚ ਬੰਦ ਗੈਂਗਸਟਰ ਭੁਪਿੰਦਰ ਉਰਫ਼ ਭੂਪੀ ਰਾਣਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਦਾ 5 ਮਈ ਤੱਕ ਰਿਮਾਂਡ ਲਿਆ ਗਿਆ ਹੈ। ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਭੂਪੀ ਰਾਣਾ ਦੇ ਨਾਲ ਲੱਠ ਭੋਲੂ ਅਤੇ ਸੰਨੀ ਨੂੰ ਵੀ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ।
ਅਦਾਲਤ ਨੇ ਸਰਕਾਰੀ ਧਿਰ ਨੇ ਦਲੀਲਾਂ ਦਿੱਤੀਆਂ ਕਿ ਪਹਿਲਾਂ ਤੋਂ ਪੁਲਸ ਰਿਮਾਂਡ ’ਤੇ ਚੱਲ ਰਹੇ ਅਨਿਲ ਕੁਮਾਰ ਲੱਠ, ਸੱਜਣ ਸਿੰਘ ਉਰਫ ਭੋਲੂ ਅਤੇ ਅਜੇ ਕੁਮਾਰ ਉਰਫ ਸੰਨੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਭੂਪੀ ਰਾਣਾ ਦੇ ਬੰਦਿਆਂ ਨੇ ਉਨ੍ਹਾਂ ਨੂੰ ਅਸਲਾ ਅਤੇ ਗੱਡੀ ਮੁਹੱਈਆ ਕਰਵਾਈ ਸੀ ਅਤੇ ਇਸ ਵਾਰਦਾਤ ਦੌਰਾਨ ਵਰਤੀ ਗਈ ਆਈ-20 ਕਾਰ ਹਰਿਆਣਾ ਤੋਂ ਬਰਾਮਦ ਕਰ ਲਈ ਗਈ ਹੈ ਅਤੇ ਉਕਤ ਸ਼ੂਟਰਾਂ ਕੋਲੋਂ ਇਸ ਵਾਰਦਾਤ ਦੌਰਾਨ ਵਰਤਿਆ ਅਸਲਾ ਬਰਾਮਦ ਕਰਵਾਉਣਾ ਹੈ ਅਤੇ ਇਸ ਕਤਲ ਦੀ ਅਸਲ ਵਜ੍ਹਾ ਸਬੰਧੀ ਵੀ ਜਾਣਕਾਰੀ ਹਾਸਲ ਕਰਨੀ ਹੈ।
ਪੁਲਸ ਨੇ ਅਦਾਲਤ ਨੂੰ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਪੀ ਰਾਣਾ ਦੀ ਗੈਂਗਸਟਰ ਕੌਸ਼ਲ ਚੌਧਰੀ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਸਬੰਧੀ ਗੱਲਬਾਤ ਹੋਈ ਦੱਸੀ ਜਾ ਰਹੀ ਹੈ, ਜਦਕਿ ਭੂਪੀ ਰਾਣਾ ਦੀ ਅਰਮੀਨੀਆ ’ਚ ਬੈਠੇ ਗੌਰਵ ਉਰਫ਼ ਲੱਕੀ ਪਟਿਆਲ ਨਾਲ ਵੀ ਗੱਲਬਾਤ ਹੋਈ ਸੀ।












