ਗੁਰਦਾਸਪੁਰ ਪ੍ਰਸ਼ਾਸਨ ਵਲੋਂ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਜਿਸ ਤਹਿਤ ਹੁਣ ਕਲਾਸਾਂ ਲਗਾਉਂਦੇ ਸਮੇਂ ਅਧਿਆਪਕਾਂ ਨੂੰ ਆਪਣੇ ਮੋਬਾਇਲ ਫੋਨ ਬੰਦ ਰੱਖਣੇ ਪੈਣਗੇ। ਤੁਹਾਨੂੰ ਦੱਸ ਦਇਏ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਵਲੋਂ ਇਹ ਫਰਮਾਨ ਜਾਰੀ ਕੀਤੇ ਗਏ ਹਨ। ਇਹ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਸਕੂਲਾਂ ‘ਚ ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਅਧਿਆਪਕਾਂ ਨੂੰ ਮੋਬਾਇਲ ਫੋਨ ਬੰਦ ਰੱਖਣੇ ਪੈਣਗੇ ਜਾਂ ਫਿਰ ਅਧਿਆਪਕ ਆਪਣੇ ਫੋਨ ਸਕੂਲ ਮੁਖੀ ਨੂੰ ਜਮ੍ਹਾਂ ਕਰਵਾ ਸਕਦੇ ਹਨ।
ਹਾਲਾਂਕਿ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਸਕੂਲਾਂ ‘ਚ ਫੋਨ ਬੈਨ ਕਰ ਰਹੀ ਹੈ ਤੇ ਦੂਜੇ ਪਾਸੇ ਆਨਲਾਈਨ ਕਲਾਸਾਂ ਲਗਾਉਣ ਦਾ ਫੈਸਲਾ ਲਿਆ ਜਾ ਰਿਹਾ ਹੈ। ਉੱਥੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਮੋਬਾਇਲ ਫੋਨ ਲੈ ਕੇ ਜਾਣ ‘ਤੇ ਕੋਈ ਰੋਕ ਨਹੀਂ ਹੈ, ਸਗੋਂ ਅਧਿਆਪਕਾਂ ਨੂੰ ਬੱਚਿਆਂ ਦੀ ਕਲਾਸ ਲੈਂਦੇ ਹੋਏ ਮੋਬਾਇਲ ਫੋਨ ਬੰਦ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ।












