ਦੱਖਣੀ ਮੈਕਸੀਕੋ ਵਿੱਚ ਵੀਰਵਾਰ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ 53 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇੱਕ ਬੇਕਾਬੂ ਟਰਾਲਾ ਪਲਟਨ ਕਾਰਨ 53 ਲੋਕਾਂ ਦੀ ਮੌਤ ਹੋਈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ ਵਿੱਚ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ । ਇਹ ਦਰਦਨਾਕ ਹਾਦਸਾ ਸੂਬੇ ਦੀ ਰਾਜਧਾਨੀ ਚਿਆਪਾਸ ਨੂੰ ਜਾਣ ਵਾਲੀ ਸੜਕ ‘ਤੇ ਵਾਪਰਿਆ ਹੈ।

ਇਸ ਸਬੰਧੀ ਚਿਆਪਾਸ ਰਾਜ ਦੇ ਸਿਵਲ ਡਿਫੈਂਸ ਦਫਤਰ ਦੇ ਮੁਖੀ ਲੁਈਸ ਮੈਨੁਅਲ ਮੋਰੇਨੋ ਨੇ ਦੱਸਿਆ ਕਿ ਇਸ ਵਿੱਚ ਮਰਨ ਵਾਲੇ ਤੇ ਜ਼ਖਮੀ ਹੋਣ ਵਾਲੇ ਜ਼ਿਆਦਾਤਰ ਲੋਕ ਮੱਧ ਅਮਰੀਕਾ ਦੇ ਪ੍ਰਵਾਸੀ ਸਨ, ਹਾਲਾਂਕਿ ਉਨ੍ਹਾਂ ਦੀ ਨਾਗਰਿਕਤਾ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ । ਮੋਰੇਨੋ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਟਰਾਲਾ ਪ੍ਰਵਾਸੀਆਂ ਦੇ ਭਾਰ ਕਾਰਨ ਪਲਟ ਗਿਆ। ਗੌਰਤਲਬ ਹੈ ਕਿ ਹਾਲ ਹੀ ਵਿੱਚ ਮੈਕਸੀਕਨ ਅਧਿਕਾਰੀਆਂ ਨੇ ਪ੍ਰਵਾਸੀਆਂ ਨੂੰ ਅਮਰੀਕੀ ਸਰਹੱਦ ਵੱਲ ਵੱਡੇ ਸਮੂਹਾਂ ਵਿੱਚ ਜਾਣ ਤੋਂ ਰੋਕਿਆ ਸੀ, ਪਰ ਪ੍ਰਵਾਸੀਆਂ ਦੀ ਤਸਕਰੀ ਦਾ ਗੁਪਤ ਅਤੇ ਗੈਰ-ਕਾਨੂੰਨੀ ਪ੍ਰਵਾਹ ਜਾਰੀ ਹੈ।












