ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਅੱਜ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਉਹ ਮਾਂ ਬਣਨ ਜਾ ਰਹੀ ਹੈ। ਇਸ ਸਬੰਧੀ ਅੱਜ ਸਵੇਰ ਤੋਂ ਇੱਕ ਤੋਂ ਬਾਅਦ ਇੱਕ ਖਬਰਾਂ ਆ ਰਹੀਆਂ ਹਨ। ਆਲੀਆ ਅਤੇ ਰਣਬੀਰ ਨੂੰ ਚਾਹੁਣ ਵਾਲੇ ਉਹਨਾਂ ਨੂੰ ਵਧਾਈ ਦੇ ਰਹੇ ਹਨ। ਆਲੀਆ ਦੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਪੋਸਟ ‘ਤੇ ਉਸ ਦੀ ਮਾਂ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਕਮੈਂਟ ਕਰਕੇ ਦੋਵਾਂ ਨੂੰ ਵਧਾਈ ਦਿੱਤੀ ਹੈ। ਹੁਣ ਵਧਾਈ ਦੇਣ ਵਾਲਿਆਂ ਵਿੱਚ ਇੱਕ ਨਵਾਂ ਨਾਮ ਜੁੜ ਗਿਆ ਹੈ। ਜੋ ਆਲੀਆ ਲਈ ਬਹੁਤ ਖਾਸ ਹੈ। ਜਿਸ ਦੀ ਆਲੀਆ ਸਵੇਰ ਤੋਂ ਹੀ ਉਡੀਕ ਕਰ ਰਹੀ ਸੀ। ਜੀ ਹਾਂ ਆਲਿਆ ਭੱਟ ਦੀ ਪ੍ਰੈਗਨੈਂਸੀ ਖ਼ਬਰ ‘ਤੇ ਉਸ ਦੇ ਪਿਤਾ ਮਹੇਸ਼ ਭੱਟ ਨੇ ਆਪਣਾ ਰਿਐਕਸ਼ਨ ਦਿੱਤਾ ਹੈ। ਆਲਿਆ ਦੇ ਪਿਤਾ ਮਹੇਸ਼ ਭੱਟ ਨੇ ਹੁਣ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਜਲਦ ਹੀ ਨਾਨਾ ਬਂਨਣ ਦੀ ਆਪਣੀ ਖੁਸ਼ੀ ਸਾਂਝੀ ਕੀਤੀ ਹੈ।
ਆਲਿਆ ਦੇ ਪਿਤਾ ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਹਾਲਾਂਕਿ ਸਾਰੀਆਂ ਅਟਕਲਾਂ ‘ਤੇ ਰੋਕ ਲਗਾ ਦਿੱਤੀ ਹੈ। ਸੋਮਵਾਰ ਦੁਪਹਿਰ ਨੂੰ, ਮਹੇਸ਼ ਨੇ ਮੀਡੀਆ ਨਾਲ ਗੱਲ ਕੀਤੀ ਅਤੇ ਕਿਹਾ, “ਆਹ, ਮੇਰੇ ਬੱਚੇ ਦੇ ਬੱਚੇ ਹੋਣ ਜਾ ਰਹੇ ਹਨ! ਮੈਂ ਰਣਬੀਰ ਅਤੇ ਆਲਿਆ ਲਈ ਬਹੁਤ ਖੁਸ਼ ਹਾਂ। ਸਾਡਾ ‘ਪਰਿਵਾਰ’ ਵਧੇ ਅਤੇ ਹੁਣ ਮੈਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਲਈ ਤਿਆਰੀ ਕਰਨੀ ਪਵੇਗੀ, ਉਹ ਹੈ ਨਾਨਾ ਦੀ ਭੂਮਿਕਾ। ਇਹ ਸ਼ਾਨਦਾਰ ਡੈਬਿਊ ਹੋਣ ਵਾਲਾ ਹੈ।” ਦੱਸ ਦਈਏ ਕਿ ਆਲਿਆ ਅਤੇ ਰਣਬੀਰ ਨੇ 2017 ਵਿੱਚ ਬ੍ਰਹਮਾਸਤਰ ਦੇ ਸੈੱਟਾਂ ‘ਤੇ ਇਕੱਠੇ ਕੰਮ ਕਰਨ ਤੋਂ ਬਾਅਦ ਡੇਟਿੰਗ ਸ਼ੁਰੂ ਕੀਤੀ। ਉਨ੍ਹਾਂ ਨੇ ਇਸੇ ਸਾਲ 14 ਅਪ੍ਰੈਲ ਨੂੰ ਆਪਣੇ ਬਾਂਦਰਾ ਨਿਵਾਸ ‘ਤੇ ਆਯੋਜਿਤ ਇੱਕ ਨਿਜੀ ਸਮਾਰੋਹ ਵਿੱਚ ਵਿਆਹ ਕੀਤਾ, ਜਿਸ ਵਿੱਚ ਸਿਰਫ ਪਰਿਵਾਰ ਅਤੇ ਇੰਡਸਟਰੀ ਦੇ ਨਜ਼ਦੀਕੀ ਦੋਸਤਾਂ ਨੇ ਸ਼ਿਰਕਤ ਕੀਤੀ।












