ਦ੍ਰੋਪਦੀ ਮੁਰਮੂ ਨੂੰ ਚੀਫ਼ ਜਸਟਿਸ ਐਨਵੀ ਰਮਨਾ ਨੇ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ। ਉਹ ਦੇਸ਼ ਦੀ ਪਹਿਲੀ ਕਬਾਇਲੀ ਮਹਿਲਾ ਰਾਸ਼ਟਰਪਤੀ ਹੈ। ਦ੍ਰੋਪਦੀ ਮੁਰਮੂ ਨੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਸਵੇਰੇ 10.15 ਵਜੇ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਪਹਿਲਾ ਟਵੀਟ ਸਾਹਮਣੇ ਆਇਆ ਹੈ।

ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ‘ਮੈਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਨਾ ਸਿਰਫ ਆਪਣਾ ਭਵਿੱਖ ਬਣਾ ਰਹੇ ਹੋ, ਸਗੋਂ ਭਵਿੱਖ ਦੇ ਭਾਰਤ ਦੀ ਨੀਂਹ ਵੀ ਰੱਖ ਰਹੇ ਹੋ। ਦੇਸ਼ ਦੇ ਰਾਸ਼ਟਰਪਤੀ ਦੇ ਤੌਰ ‘ਤੇ ਮੇਰਾ ਹਮੇਸ਼ਾ ਤੁਹਾਨੂੰ ਪੂਰਾ ਸਹਿਯੋਗ ਰਹੇਗਾ।’ ਇਸ ਦੇ ਨਾਲ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਕੱਲ ਯਾਨੀ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵੀ ਹੈ। ਇਹ ਦਿਨ ਭਾਰਤੀ ਫ਼ੌਜਾਂ ਦੀ ਬਹਾਦਰੀ ਅਤੇ ਸੰਜਮ ਦੋਵਾਂ ਦਾ ਪ੍ਰਤੀਕ ਹੈ। ਅੱਜ, ਮੈਂ ਦੇਸ਼ ਦੀਆਂ ਫੌਜਾਂ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕਾਰਗਿਲ ਵਿਜੇ ਦਿਵਸ ‘ਤੇ ਪਹਿਲਾਂ ਤੋਂ ਹੀ ਸ਼ੁਭਕਾਮਨਾਵਾਂ ਦਿੰਦੀ ਹਾਂ।












