ਮੋਹਾਲੀ, 31 ਜੁਲਾਈ 2022 – ਮੁਹਾਲੀ ਫੇਜ਼ 1 ਦੇ ਪਾਰਕ ਵਿੱਚ ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੋਹਾਲੀ ਵਲੋਂ ਫ਼ੋਕਲੋਰ ਫ੍ਰੇਟਰਨਿਟੀ ਫੈਡਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਮਹੀਨਾਵਾਰ ਵਿਰਾਸਤੀ ਅਖਾੜੇ ਦੇ 27ਵੇਂ ਮਹੀਨੇ ਤੀਆਂ ਧੀਆਂ ਦੀਆਂ ਪੂਰੀ ਧੂਮਧਾਮ ਨਾਲ ਮਨਾਈਆਂ ਗਈਆਂ । ਜਿਸ ਵਿੱਚ ਮੈਡਮ ਗੁਰਮੀਤ ਕੌਰ ਐਮ ਸੀ ਮੋਹਾਲੀ ਮੁੱਖ ਮਹਿਮਾਨ , ਕਲਰਜ਼ ਚੈਨਲ ਦੇ ਸੀਰੀਅਲ ਉਡਾਰੀਆਂ ਦੀ ਟੀਮ ਵਿਚੋਂ ਅੰਮ੍ਰਿਤ ਕੌਰ ਤੇ ਕਮਲ ਡਾਡੀਆਲਾ ਫ਼ਿਲਮ ਅਤੇ ਟੀ ਵੀ ਅਦਾਕਾਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇੰਟਰਨੈਸ਼ਨਲ ਗਿੱਧਾ ਕੋਚ ਪ੍ਰੋ: ਜਸਵੀਰ ਕੌਰ ਊਚੇਚੇ ਤੋਰ ਤੇ ਸ਼ਾਮਲ ਹੋਏ।
ਤੀਆਂ ਦੀ ਸ਼ੁਰੂਆਤ ਪੀਘਾਂ ਤੇ ਝੂਟੇ ਲੈਂਦੇ ਹੋਏ ਖੁੱਲੇ ਅਖਾੜੇ ਵਿੱਚ ਕੁੜੀਆਂ ਦੇ ਰੱਸੀ ਟਪਣ, ਗੀਟੇ ਤੇ ਪੀਚੋ ਖੇਡਣ ਤੋਂ ਹੋਈ। ਮੰਚ ਸੰਚਾਲਨ ਅਰਵਿੰਦਰਜੀਤ ਕੌਰ ਸੋਨੂ ਗਿੱਧਾ ਕੋਚ ਤੇ ਕਰਮਜੀਤ ਸਿੰਘ ਬੱਗਾ ਵਲੋਂ ਬਾਖੂਬੀ ਕੀਤਾ ਗਿਆ । ਤੀਆਂ ਦੇ ਅਖਾੜੇ ਵਿੱਚ ਅਵਤਾਰ ਖੀਵਾ ਦੇ ਸੰਗੀਤ ਨਿਰਦੇਸ਼ਨ ਵਿੱਚ ਬੀਬਾ ਸਰਬਜੀਤ ਕੌਰ , ਅਮਰਜੀਤ ਮੰਡੇਰ, ਸਿਮਰਨ ਰੰਧਾਵਾ, ਸੁਖਬੀਰ ਕੌਰ, ਤੇ ਸਰਵੀ ਰਤਨ ਨੇ ਤੀਆਂ ਤੇ ਧੀਆਂ ਦੇ ਗੀਤ ਗਾ ਕੇ ਹਾਜ਼ਰੀ ਲਵਾਈ । ਸੁਖਬੀਰ ਪਾਲ ਕੌਰ ਦੀ ਨਿਰਦੇਸ਼ਨਾ ਵਿਚ ਤਿਆਰ ਕਰਾਏ ਗਿੱਧੇ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।
ਬੀਬੀ ਹਰਭਜਨ ਕੌਰ ਢਿੱਲੋਂ ਨੂੰ ਗਿੱਧੇ ਦੇ ਪਰਚਾਰ ਪਸਾਰ ਲਈ ਸਾਰੀ ਜ਼ਿੰਦਗੀ ਕੀਤੇ ਗਏ ਉਪਰਾਲਿਆਂ ਲਈ ਯੂਨੀਵਰਸਲ ਵਿਰਾਸਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਤੇ ਬੋਲੀਆਂ ਪਾ ਕੇ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ । ਅੰਤ ਵਿੱਚ ਸੋਸਾਇਟੀ ਦੇ ਪ੍ਰਧਾਨ ਤੇ ਫ਼ਿਲਮ ਅਦਾਕਾਰ ਨਰਿੰਦਰ ਨੀਨਾ ਵਲੋਂ ਆਏ ਹੋਏ ਸਾਰੇ ਕਲਾਕਾਰਾ ਦਾ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ । ਤੀਜਿਆਂ ਤੀਆਂ ਧੀਆਂ ਦੀਆਂ ਨੂੰ ਕਾਮਯਾਬ ਕਰਨ ਵਿੱਚ ਨਿਰਦੇਸ਼ਕ ਗੋਪਾਲ ਸ਼ਰਮਾ, ਅੰਮ੍ਰਿਤ ਪਾਲ ਸਿੰਘ ਫਿਲਮ ਅਦਾਕਾਰ , ਬਲਕਾਰ ਸਿੱਧੂ , ਆਤਮਜੀਤ ਸਿੰਘ ਭੰਗੜਾ ਕੋਚ , ਪਲਵਿੰਦਰ ਖਾਂਬਾ, ਹਰਕੀਰਤਪਾਲ ,ਮਨਦੀਪ, ਗਗਨਦੀਪ ਗੱਗੀ, ਜਸਦੀਪ ਵੜੈਚ, ਅਨੂਰੀਤਪਾਲ ਕੌਰ , ਗੁਰਸਿਮਰਨ , ਹਰਦੀਪ ਆਦਿ ਦਾ ਭਰਪੂਰ ਸਾਥ ਰਿਹਾ । ਅਖਾੜੇ ਦੀ ਸਮਾਪਤੀ ਸਾਰੇ ਕਲਾਕਾਰਾਂ ਤੇ ਦਰਸ਼ਕਾਂ ਨੂੰ ਲੱਡੂ ਵੰਡ ਕੇ ਕੀਤੀ ਗਈ। ਤੀਆਂ ਧੀਆਂ ਦੀਆਂ ਦਰਸ਼ਕਾਂ ਦੇ ਚੇਤਿਆਂ ਵਿੱਚ ਛਪ ਗਈਆਂ।












