ਭਾਰਤ ਦੇ ਪੈਰਾ ਪਾਵਰਲਿਫਟਰ ਸੁਧੀਰ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸੁਧੀਰ ਰਾਸ਼ਟਰਮੰਡਲ ਖੇਡਾਂ ਵਿੱਚ ਪੈਰਾ-ਪਾਵਰਲਿਫਟਿੰਗ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ। ਸੁਧੀਰ ਨੇ ਪੁਰਸ਼ਾਂ ਦੇ ਹੈਵੀਵੇਟ ਵਰਗ ਵਿੱਚ 212 ਕਿਲੋ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ।

ਸੁਧੀਰ ਨੂੰ ਵਧਾਈ ਦਿੰਦੇ ਹੋਏ ਪੀਐਮ ਮੋਦੀ ਨੇ ਟਵਿੱਟਰ ‘ਤੇ ਲਿਖਿਆ, “ਸੁਧੀਰ ਦੁਆਰਾ CWG 2022 ਪੈਰਾ-ਸਪੋਰਟਸ ਮੈਡਲ ਗਿਣਤੀ ਦੀ ਸ਼ਾਨਦਾਰ ਸ਼ੁਰੂਆਤ! ਉਨ੍ਹਾਂ ਦਾ ਇਹ ਸੋਨ ਤਗਮਾ ਜਿੱਤਣਾ ਆਪਣੇ ਸਮਰਪਣ ਅਤੇ ਦ੍ਰਿੜਤਾ ਨੂੰ ਦਰਸਾਉਂਦਾ ਹੈ। ਉਹ ਮੈਦਾਨ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਸ ਨੂੰ ਵਧਾਈ ਅਤੇ ਉਸ ਦੇ ਭਵਿੱਖ ਦੇ ਸਾਰੇ ਯਤਨਾਂ ਲਈ ਸ਼ੁਭਕਾਮਨਾਵਾਂ।”

ਦੱਸ ਦਈਏ ਕਿ ਵੀਰਵਾਰ ਨੂੰ ਹੋਏ ਪੈਰਾ ਪਾਵਰਲਿਫਟਿੰਗ ਦੇ ਹੋਰ ਮੁਕਾਬਲਿਆਂ ਵਿੱਚ, ਔਰਤਾਂ ਦੇ ਲਾਈਟਵੇਟ ਫਾਈਨਲ ਵਿੱਚ ਮਨਪ੍ਰੀਤ ਕੌਰ ਚੌਥੇ ਅਤੇ ਸਕੀਨਾ ਖਾਤੂਨ ਪੰਜਵੇਂ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਪੁਰਸ਼ਾਂ ਦੇ ਲਾਈਟਵੇਟ ਫਾਈਨਲ ਵਿੱਚ ਪਰਮਜੀਤ ਕੁਮਾਰ ਆਖਰੀ ਸਥਾਨ ’ਤੇ ਰਿਹਾ।












