ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਹਾਲੀ ਦੇ ਮੁੱਲਾਂਪੁਰ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ। ਪ੍ਰਨੀਤ ਕੌਰ ਨੇ ਕਿਹਾ ਕਿ “ਅੱਜ ਮੋਹਾਲੀ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਲਈ ਮੈਂ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। 300 ਬਿਸਤਰਿਆਂ ਦੀ ਸਮਰੱਥਾ ਵਾਲਾ ਅਤਿ ਆਧੁਨਿਕ ਕੈਂਸਰ ਸੈਂਟਰ ਨਾ ਸਿਰਫ਼ ਪੰਜਾਬ ਬਲਕਿ ਗੁਆਂਢੀ ਰਾਜਾਂ ਨੂੰ ਵੀ ਬਹੁਤ ਮਦਦਗਾਰ ਹੋਵੇਗਾ।”

ਦੱਸ ਦਈਏ ਕਿ 600 ਕਰੋੜ ਦੇ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਸਮਰੱਥਾ 300 ਬਿਸਤਰਿਆਂ ਦੀ ਹੈ। ਇਸ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਨਟਿਵ ਓਨਕੋਲੋਜੀ, ਐਨਸਥੀਸੀਆ ਦੀ ਓ.ਪੀ.ਡੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਐਮ.ਆਰ.ਆਈ., ਸੀ.ਟੀ., ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫ਼ੀ ਆਦਿ ਆਧੁਨਿਕ ਸਹੂਲਤਾਂ ਵੀ ਇੱਥੇ ਉਪਲਬਧ ਹਨ। ਇਹ ਕੇਂਦਰ ਵਿੱਚ ਬਾਇਓਪਸੀ ਲਈ ਕੀਮੋਥੈਰੇਪੀ ਅਤੇ ਮਾਮੂਲੀ OTs ਲਈ ਡੇ ਕੇਅਰ ਦੀ ਵੀ ਸਹੂਲਤ ਹੈ।












