ਚੰਡੀਗੜ੍ਹ, 17 ਸਤੰਬਰ, 2022 : – ਭਾਰਤ ਵਧੇਰੇ ਲਚੀਲੇ, ਸਮਰੱਥ ਅਤੇ ਮਜ਼ਬੂਤ ਬਣਨ ਦੇ ਰਾਹ ‘ਤੇ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ, ਅਤੇ ਅਗਲੇ 25 ਵਰ੍ਹਿਆਂ ਵਿੱਚ ਆਲਮੀ ਮਹਾਂਸ਼ਕਤੀ ਬਣਨ ਦੇ ਇਸ ਦੇ ਮਿਸ਼ਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਵਿੱਚ ਬੇਮਿਸਾਲ ਗਤੀ ਪ੍ਰਾਪਤ ਕੀਤੀ ਹੈ। ਇਹ ਗੱਲ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਨੇ ਅੱਜ ਚੰਡੀਗੜ੍ਹ ਵਿਖੇ ਮੁਫਤ ਮੈਗਾ ਮਲਟੀ-ਸਪੈਸ਼ਲਿਟੀ ਸਿਹਤ ਜਾਂਚ ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਬੋਲਦਿਆਂ ਕਹੀ।

ਕੇਂਦਰੀ ਮੰਤਰੀ ਸ਼੍ਰੀਮਤੀ ਇਰਾਨੀ ਨੇ ਵੀ ਕੈਂਪ ਵਿੱਚ ਖੂਨਦਾਨ ਕੀਤਾ ਅਤੇ ਸੀਡਬਲਿਊਟੀ ਦੀ ਸਸ਼ਕਤ ਨਾਰੀ ਪਹਿਲ ਦੇ ਤਹਿਤ ਬੇਕਰੀ, ਕੁੱਕਰੀ ਅਤੇ ਟੇਲਰਿੰਗ ਵਿੱਚ ਕੌਸ਼ਲ-ਵਿਕਾਸ ਦੀ ਟ੍ਰੇਨਿੰਗ ਦੇਣ ਵਾਲੀਆਂ 100 ਮਹਿਲਾਵਾਂ ਨੂੰ ਸਰਟੀਫਿਕੇਟ ਵੀ ਵੰਡੇ।

ਉਨ੍ਹਾਂ ਕਿਹਾ ਕਿ ਲੋਕਾਂ ਦੇ ਸੱਚੇ ਨੇਤਾ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਹ ਦਰਸਾ ਦਿੱਤਾ ਹੈ ਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਸਾਰਿਆਂ ਲਈ ਸਿਹਤ ਦੇ ਨੇਕ ਕਾਰਜ ਲਈ ਕੀਤੇ ਜਾ ਰਹੇ ਪ੍ਰਯਤਨਾਂ ਲਈ ਕੈਂਪ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।
ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਵਿਭਿੰਨ ਸਿਹਤ ਸੇਵਾਵਾਂ ਦਾ ਲਾਭ ਉਠਾਇਆ। ਇਸ ਵਿੱਚ ਸ਼ਹਿਰ ਵਾਸੀਆਂ ਨੂੰ ਕੈਂਸਰ ਦੀ ਜਾਂਚ, ਅੱਖਾਂ ਦੀ ਜਾਂਚ, ਦੰਦਾਂ ਦੀ ਜਾਂਚ, ਆਮ ਸਿਹਤ ਜਾਂਚ, ਬੱਚਿਆਂ ਦੀ ਸਿਹਤ ਜਾਂਚ, ਆਰਥੋਪੈਡਿਕਸ, ਮਾਨਸਿਕ ਸਿਹਤ ਜਾਂਚ ਅਤੇ ਚਮੜੀ ਰੋਗਾਂ ਸਮੇਤ ਇੱਕ ਦਰਜਨ ਦੇ ਕਰੀਬ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਹ ਮੈਗਾ ਕੈਂਪ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 72ਵੇਂ ਜਨਮ ਦਿਨ ਦੇ ਜਸ਼ਨਾਂ ਦੇ ਹਿੱਸੇ ਵਜੋਂ ਸੇਵਾ ਦਿਵਸ ਦੇ ਮੌਕੇ ‘ਤੇ ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) ਦੁਆਰਾ ਐੱਨਆਈਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਸੈਕਟਰ 39 ਸਥਿਤ ਗ੍ਰੇਨ ਮਾਰਕੀਟ ਵਿਖੇ ਲਗਾਇਆ ਗਿਆ।











