ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦਾ ਜਨਮ ਦਿਨ ਹੈ। ਉਹ 95 ਸਾਲ ਦੇ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਧਾਈ ਦੇਣ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਜੇ ਹਨ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਦੋਵਾਂ ਨੇਤਾਵਾਂ ਦੀ ਅਡਵਾਨੀ ਨਾਲ ਮੁਲਾਕਾਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਪੀਐਮ ਮੋਦੀ ਨੇ ਇਸ ਦੌਰਾਨ ਉਨ੍ਹਾਂ ਨੂੰ ਗੁਲਦਸਤਾ ਵੀ ਭੇਂਟ ਕੀਤਾ। ਇਸ ਤੋਂ ਬਾਅਦ ਦੋਵੇਂ ਆਗੂ ਆਪਸ ਵਿੱਚ ਬੈਠ ਕੇ ਗੱਲਬਾਤ ਕਰਦੇ ਰਹੇ।

ਪੀਐਮ ਮੋਦੀ ਕਰੀਬ 40 ਮਿੰਟ ਤੱਕ ਅਡਵਾਨੀ ਦੇ ਨਾਲ ਰਹੇ ਅਤੇ ਕੇਕ ਕੱਟਿਆ। ਰਾਜਨਾਥ ਸਿੰਘ ਨੇ ਅਡਵਾਨੀ ਦੇ ਨਾਲ ਫੋਟੋ ਨੂੰ ਟਵੀਟ ਕੀਤਾ ਅਤੇ ਲਿਖਿਆ ‘ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।’ ਜ਼ਿਕਰਯੋਗ ਹੈ ਕਿ ਅਡਵਾਨੀ ਦੇ ਹਰ ਜਨਮ ਦਿਨ ‘ਤੇ ਪੀਐੱਮ ਮੋਦੀ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਭਾਜਪਾ ਦੇ ਨੇਤਾਵਾਂ ਨਾਲ ਮਿਲ ਕੇ ਪੀਐਮ ਨੇ ਕੇਕ ਵੀ ਕੱਟਿਆ। ਪਿਛਲੇ ਜਨਮ ਦਿਨ ‘ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਵੇਰੇ ਵੱਖਰੇ – ਵੱਖਰੇ ਸਮੇਂ ‘ਤੇ ਅਡਵਾਨੀ ਦੇ ਘਰ ਪਹੁੰਚੇ ਸਨ।













