ਚੰਡੀਗੜ੍ਹ, 4 ਦਸੰਬਰ : ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਉਹਨਾਂ ਨੁੰ ਪਾਰਟੀ ਵਿਚ ਸ਼ਾਮਲ ਕਰਵਾਉਣ ਧੱਕੇਸ਼ਾਹੀ ਤੇ ਮਾੜੇ ਤਰੀਕੇ ਵਰਤਣ ਦੇ ਅਕਾਲੀ ਦਲ ਦੇ ਦਾਅਵੇ ਲੀਰੋ ਲੀਰ ਕਰਦਿਆਂ ਸਪਸ਼ਟ ਕੀਤਾ ਕਿ ਉਹਨਾਂ ਦਾ ਭਾਜਪਾ ਵਿਚ ਸ਼ਾਮਲ ਹੋਣ ਦਾ ਇਕਲੌਤਾ ਮਕਸਦ ਸਿੱਖ ਕੌਮ ਦੀ ਸੇਵਾ ਕਰਨਾ ਹੈ ਤੇ ਇਸ ਪਾਰਟੀ ਵਿਚ ਸ਼ਾਮਲ ਹੋਣ ਨਾਲ ਉਹਨਾਂ ਨੂੰ ਅਜਿਹਾ ਪਲੈਟਫੋਰਮ ਮਿਲ ਗਿਆ ਹੈ ਜਿਸ ਨਾਲ ਉਹਨਾਂ ਨੂੰ ਲੰਮੇ ਤੋਂ ਲਟਕ ਰਹੇ ਸਿੱਖ ਮਸਲੇ ਹੱਲ ਕਰਵਾਉਣ ਵਿਚ ਸਹਾਇਤਾ ਮਿਲੇਗੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਨੁੰ ਅਕਾਲੀ ਲੀਡਰਸ਼ਿਪ ਵੱਲੋਂ ਲਗਾਏ ਦੋਸ਼ਾਂ ’ਤੇ ਹੈਰਾਨੀ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਭਾਜਪਾ ਨੇ ਉਹਨਾਂ ਨਾਲ ਧੱਕਾ ਹੀ ਕਰਨਾ ਹੁੰਦਾ ਤਾਂ ਫਿਰ ਪਾਰਟੀ ਉਹਨਾਂ ਨੁੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਹੀ ਪਾਰਟੀ ਵਿਚ ਸ਼ਾਮਲ ਹੋਣ ਵਾਸਤੇ ਆਖਦੀ ਨਾ ਕਿ ਵਿਅਕਤੀ ਤੌਰ ’ਤੇ ਸ਼ਾਮਲ ਕਰਵਾਉਂਦੀ। ਉਹਨਾਂ ਕਿਹਾ ਕਿ ਉਹ ਸਵੈ ਇੱਛਾ ਨਾਲ ਭਾਜਪਾ ਵਿਚ ਸ਼ਾਮਲ ਹੋਏ ਹਨ ਕਿਉਂਕਿ ਇਸ ਇਸ ਪਾਰਟੀ ਨਾਲ ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਸਿੱਖ ਮਸਲੇ ਹੱਲ ਕਰਵਾਉਣ ਲਈ ਕੰਮ ਕਰਨ ਦੀ ਸਮਰਥਾ ਵਿਚ ਨਹੀਂ ਰਿਹਾ ਕਿਉਂਕਿ ਉਸਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ।
ਭਾਜਪਾ ਆਗੂ ਨੇ ਹੋਰ ਕਿਹਾ ਕਿ ਉਹਨਾਂ ਨੇ ਅਕਾਲੀ ਦਲ ਕਿਸੇ ਵੀ ਤਰੀਕੇ ਦੇ ਦੋਸ਼ ਲਗਾਉਣ ਤੋਂ ਬਗੈਰ ਛੱਡਿਆ ਹੈ ਜਦੋਂ ਕਿ ਕਈ ਹੋਰਨਾਂ ਨੇ ਇਸ ਸਭ ਤੋਂ ਪੁਰਾਣੀ ਪਾਰਟੀ ’ਤੇ ਇਕੋ ਪਰਿਵਾਰ ’ਤੇ ਕੇਂਦਰਿਤ ਹੋਣ ਅਤੇ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਦੇ ਕਈ ਦੋਸ਼ ਲਗਾ ਕੇ ਪਾਰਟੀ ਛੱਡੀ। ਉਹਨਾਂ ਕਿਹਾ ਕਿ ਮੈਂ ਇਕ ਹਾਂ ਪੱਖੀ ਵਿਅਕਤੀ ਹਾਂ ਜਿਸਦਾ ਮਕਸਦ ਕੌਮ ਦੀ ਸੇਵਾ ਕਰਨਾ ਹੈ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਤੁਸੀਂ ਕੌਮੀ ਪਾਰਟੀ ਦੇ ਮੈਂਬਰ ਹੋਵੋ। ਉਹਨਾਂ ਕਿਹਾ ਕਿ ਉਹਨਾਂ ਨੇ ਖੁਦ ਨਾਲ ਇਹ ਦ੍ਰਿੜ੍ਹ ਸੰਕਲਪ ਕੀਤਾ ਹੋਇਆ ਹੈ ਕਿ ਉਹ ਸਿਰਫ ਸਿੱਖ ਕੌਮ ਦੇ ਮਸਲੇ ਹੱਲ ਕਰਨ ਤੇ ਕੌਮ ਦੀਆਂ ਮੰਗਾਂ ਪੂਰੀ ਕਰਵਾਉਣ ’ਤੇ ਧਿਆਨ ਕੇਂਦਰਤ ਕਰਨਗੇ ਅਤੇ ਕਿਸੇ ਵੱਲੋਂ ਵੀ ਲਗਾਏ ਜਾਣ ਵਾਲੇ ਬੇਫਜ਼ੂਲ ਦੋਸ਼ਾਂ ਨਾਲ ਉਹਨਾਂ ਦਾ ਧਿਆਨ ਭਟਕਣ ਵਾਲਾ ਨਹੀਂ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ਅੱਜ ਇਕ ਖੇਤਰੀ ਪਾਰਟੀ ਵਿਚ ਸਿਮਟ ਕੇ ਰਹਿ ਗਿਆ ਹੈ ਜਿਵੇਂ ਕਿ ਪਾਰਟੀ ਲੀਡਰਸ਼ਿਪ ਦਾਅਵਾ ਕਰਦੀ ਹੈ ਤੇ ਇਸਦਾ ਦੇਸ਼ ਭਰ ਦੇ ਸਿੱਖ ਮਸਲਿਆਂ ’ਤੇ ਧਿਆਨ ਨਹੀਂ ਹੈ। ਉਹਨਾਂ ਹੋਰ ਕਿਹਾ ਕਿ ਪੰਜਾਬ ਤੋਂ ਬਾਹਰ ਵਸਤੇ ਬਲਕਿ ਪੰਜਾਬ ਵਿਚ ਵੀ ਵਸਦੇ ਸਿੱਖ ਆਪਣੇ ਮਸਲਿਆਂ ਲਈ ਉਹਨਾਂ ਵੱਲ ਵੇਖ ਰਹੇ ਹਨ। ਉਹਨਾਂ ਕਿਹਾ ਕਿ ਮੇਘਾਲਿਆ, ਮੱਧ ਪਦੇਸ਼, ਤੇ ਯੂ ਪੀ ਦੇ ਸਿੱਖਾਂ ਦੇ ਕਈ ਮਸਲਿਆਂ ਨੇ ਉਹਨਾ ਨੂੰ ਘੇਰਿਆ ਹੋਇਆ ਹੈ ਤੇ ਉਹ ਸੰਕਟ ਦਾ ਹੱਲ ਚਾਹੁੰਦੇ ਹਲ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਗੁਰਦੁਆਰਾ ਡੋਂਗਮਾਰ, ਗਿਆਨ ਗੋਦੜੀ ਤੇ ਅਨੇਕਾਂ ਹੋਰ ਮਸਲਿਆਂ ਨੁੰ ਹੱਲ ਕਰਨ ਦੀ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਇਹ ਮਸਲੇ ਭਾਜਪਾ ਵਰਗੇ ਪਲੈਟਫੋਰਮ ’ਤੇ ਕੌਮੀ ਪੱਧਰ ’ਤੇ ਆਵਾਜ਼ ਬੁਲੰਦ ਕਰ ਕੇ ਹੱਲ ਹੋ ਸਕਦੇ ਹਨ। ਮੈਂ ਕੌਮਾਂਤਰੀ ਪੱਧਰ ’ਤੇ ਮਸਲੇ ਹੱਲ ਕਰਨ ਵਿਚ ਵੀ ਸਹਾਇਤਾ ਕਰ ਸਕਦਾ ਹਾਂ।
ਸਰਦਾਰ ਸਿਰਸਾ ਨੇ ਕਿਹਾ ਕਿ ਦਿੱਲੀ ਵਿਚ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਕਰਨਾ ਤੇ ਸਿੱਖ ਵਿਦਿਆਰਥੀਆਂ ਨੂੰ ਬੁਲੰਦੀਆਂ ਛੂਹਣ ਵਿਚ ਮਦਦ ਕਰਨਾ ਉਹਨਾਂ ਦਾ ਟੀਚਾ ਹੈ ਜੋ ਉਹ ਇਕ ਭਾਜਪਾ ਆਗੂ ਵਜੋਂ ਦੇਸ਼ ਵਿਚ ਕਰ ਸਕਦੇ ਹਨ।