ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ, ਚੀਨ ਸਮੇਤ ਬ੍ਰਿਕਸ ਦੇਸ਼ਾਂ ਨੂੰ ਮੁੜ ਧਮਕੀ ਦਿਤੀ ਹੈ। ਟਰੰਪ ਨੇ ਧਮਕੀ ਭਰੇ ਲਹਿਜੇ ’ਚ ਕਿਹਾ ਕਿ ਬ੍ਰਿਕਸ ਦੇਸ਼ਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਅਮਰੀਕੀ ਡਾਲਰ ਨੂੰ ਨਹੀਂ ਬਦਲ ਸਕਦੇ। ਅਜਿਹਾ ਕਰਨ ਦੀ ਜੇਕਰ ਕੋਸ਼ਿਸ਼ ਕੀਤੀ ਗਈ ਤਾਂ ਅਮਰੀਕਾ ਇਨ੍ਹਾਂ ਦੇਸ਼ਾਂ ’ਤੇ 100 ਫ਼ੀ ਸਦੀ ਟੈਰਿਫ਼ ਲਗਾਏਗਾ। ਟਰੰਪ ਨੇ ਕਿਹਾ ਕਿ ਜੇਕਰ ਬ੍ਰਿਕਸ ਅਮਰੀਕੀ ਡਾਲਰ ਨੂੰ ਚੁਨੌਤੀ ਦੇਣ ਲਈ ਅਪਣੀ ਨਵੀਂ ਕਰੰਸੀ ਸ਼ੁਰੂ ਕਰਦੀ ਹੈ ਤਾਂ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੂੰ ਅਮਰੀਕੀ ਬਾਜ਼ਾਰ ਤੋਂ ਬਾਹਰ ਸੁੱਟ ਦਿਤਾ ਜਾਵੇਗਾ। ਟਰੰਪ ਨੇ ਕਿਹਾ ਕਿ ਅਮਰੀਕਾ ਦਰਸ਼ਕ ਨਹੀਂ ਬਣੇਗਾ ਅਤੇ ਇਸ ਖ਼ਤਰੇ ਦਾ ਜਵਾਬ ਦੇਵੇਗਾ।
ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ
ਟਰੰਪ ਨੇ ਅਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ ’ਤੇ ਲਿਖਿਆ ਕਿ ਬ੍ਰਿਕਸ ਦੇਸ਼ ਅਮਰੀਕੀ ਡਾਲਰ ਦੇ ਦਬਦਬੇ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਇਸ ਨੂੰ ਚੁੱਪਚਾਪ ਨਹੀਂ ਦੇਖਾਂਗੇ। ਜੇਕਰ ਬ੍ਰਿਕਸ ਨਵੀਂ ਕਰੰਸੀ ਬਣਾਉਂਦੇ ਹਨ ਜਾਂ ਕਿਸੇ ਹੋਰ ਕਰੰਸੀ ਦਾ ਸਮਰਥਨ ਕਰਦੇ ਹਨ ਤਾਂ ਉਨ੍ਹਾਂ ’ਤੇ 100 ਫ਼ੀ ਸਦੀ ਟੈਰਿਫ਼ ਲਗਾਇਆ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਬ੍ਰਿਕਸ ਦੇਸ਼ਾਂ ਲਈ ਅਮਰੀਕੀ ਬਾਜ਼ਾਰ ਦੇ ਦਰਵਾਜ਼ੇ ਬੰਦ ਹੋ ਜਾਣਗੇ।
ਬ੍ਰਿਕਸ ਅਪਣੀ ਖ਼ੁਦ ਦੀ ਮੁਦਰਾ ਕਿਉਂ ਬਣਾ ਰਿਹਾ ਹੈ?
ਬ੍ਰਿਕਸ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦਖਣੀ ਅਫ਼ਰੀਕਾ ਵਰਗੇ ਦੇਸ਼ ਸ਼ਾਮਲ ਹਨ। ਇਹ ਸਮੂਹ ਅਮਰੀਕੀ ਡਾਲਰ ’ਤੇ ਵਿਸ਼ਵਵਿਆਪੀ ਨਿਰਭਰਤਾ ਨੂੰ ਘਟਾਉਣਾ ਚਾਹੁੰਦਾ ਹੈ। ਬ੍ਰਿਕਸ ਦੇਸ਼ ਬ੍ਰਿਕਸ ਮੁਦਰਾ ਦੀ ਮਦਦ ਨਾਲ ਅਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਰੂਸ ਅਤੇ ਚੀਨ ਪਹਿਲਾਂ ਹੀ ਡਾਲਰ ਦੀ ਬਜਾਏ ਯੁਆਨ ਅਤੇ ਹੋਰ ਮੁਦਰਾਵਾਂ ਵਿਚ ਵਪਾਰ ਕਰ ਰਹੇ ਹਨ। ਹੁਣ ਬ੍ਰਿਕਸ ਦੀ ਇਹ ਨਵੀਂ ਕਰੰਸੀ ਅਮਰੀਕਾ ਦੀ ਆਰਥਕ ਹਾਲਤ ਨੂੰ ਕਮਜ਼ੋਰ ਕਰ ਸਕਦੀ ਹੈ।
ਬ੍ਰਿਕਸ ਮੁਦਰਾ ਤੋਂ ਅਮਰੀਕਾ ਨੂੰ ਕੀ ਖ਼ਤਰਾ ਹੈ?
ਜੇਕਰ ਬ੍ਰਿਕਸ ਅਪਣੀ ਮੁਦਰਾ ਸ਼ੁਰੂ ਕਰਦਾ ਹੈ, ਤਾਂ ਇਹ ਅਮਰੀਕੀ ਡਾਲਰ ਦੇ ਦਬਦਬੇ ਨੂੰ ਕਮਜ਼ੋਰ ਕਰ ਸਕਦਾ ਹੈ। ਅਮਰੀਕਾ ਦੀ ਵਿਸ਼ਵ ਸ਼ਕਤੀ ਦਾ ਇਕ ਵੱਡਾ ਕਾਰਨ ਡਾਲਰ ਦਾ ਦਬਦਬਾ ਹੈ। ਜੇਕਰ ਦੁਨੀਆ ਡਾਲਰ ਦੀ ਬਜਾਏ ਬ੍ਰਿਕਸ ਕਰੰਸੀ ਨੂੰ ਅਪਣਾਉਣ ਲੱਗਦੀ ਹੈ ਤਾਂ ਅਮਰੀਕੀ ਅਰਥਵਿਵਸਥਾ ਨੂੰ ਝਟਕਾ ਲੱਗ ਸਕਦਾ ਹੈ।
ਕੀ ਟਰੰਪ ਦੀ ਧਮਕੀ ਤੋਂ ਡਰੇਗੀ ਬ੍ਰਿਕਸ?
ਚੀਨ ਅਤੇ ਰੂਸ ਪਹਿਲਾਂ ਹੀ ਡਾਲਰ ਤੋਂ ਦੂਰ ਜਾਣ ਦੀ ਰਣਨੀਤੀ ’ਤੇ ਕੰਮ ਕਰ ਰਹੇ ਹਨ। ਭਾਰਤ ਅਤੇ ਬ੍ਰਾਜ਼ੀਲ ਵੀ ਅਪਣੇ ਵਪਾਰ ਵਿਚ ਡਾਲਰ ਦੀ ਬਜਾਏ ਸਥਾਨਕ ਮੁਦਰਾ ਨੂੰ ਉਤਸ਼ਾਹਤ ਕਰਨ ਬਾਰੇ ਸੋਚ ਰਹੇ ਹਨ। ਹਾਲਾਂਕਿ, ਟੈਰਿਫ਼ ਲਗਾਉਣ ਦਾ ਅਮਰੀਕਾ ਦਾ ਫ਼ੈਸਲਾ ਬ੍ਰਿਕਸ ਦੇਸ਼ਾਂ ਨੂੰ ਅਪਣੀ ਮੁਦਰਾ ਨੂੰ ਹੋਰ ਮਜ਼ਬੂਤੀ ਨਾਲ ਅਪਣਾਉਣ ਲਈ ਪ੍ਰੇਰਿਤ ਕਰ ਸਕਦਾ ਹੈ।