ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਚਲਾਏ ਜਾ ਰਹੇ ਆਪਰੇਸ਼ਨ ਗੰਗਾ ਤਹਿਤ ਹੁਣ ਤੱਕ 15,920 ਤੋਂ ਵੱਧ ਭਾਰਤੀਆਂ ਨੂੰ 76 ਉਡਾਣਾਂ ਰਾਹੀਂ ਵਾਪਸ ਲਿਆਂਦਾ ਜਾ ਚੁੱਕਾ ਹੈ। ਹੁਣ ਤੱਕ ਭਾਰਤੀ ਹਵਾਈ ਸੈਨਾ ਦੇ 10 ਜਹਾਜ਼ ਵੀ ਉਡਾਣ ਭਰ ਚੁੱਕੇ ਹਨ ਅਤੇ ਉਨ੍ਹਾਂ ਨੇ 26 ਟਨ ਰਾਹਤ ਸਮੱਗਰੀ ਪਹੁੰਚਾਈ ਹੈ। ਹੰਗਰੀ ਸਥਿਤ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਭਾਰਤੀਆਂ ਨੂੰ ਕੱਢਣ ਦਾ ਆਪ੍ਰੇਸ਼ਨ ਖਤਮ ਹੋਣ ਵਾਲਾ ਹੈ ਕਿਉਂਕਿ ਇਸ ਆਪਰੇਸ਼ਨ ਦਾ ਆਖਰੀ ਪੜਾਅ ਸ਼ੁਰੂ ਹੋ ਰਿਹਾ ਹੈ।
ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੇ ਆਪਣਾ ਹਵਾਈ ਖੇਤਰ ਨਾਗਰਿਕ ਉਡਾਣਾਂ ਲਈ ਬੰਦ ਕਰ ਦਿੱਤਾ ਸੀ। ਉਦੋਂ ਤੋਂ ਉਥੇ ਫਸੇ ਭਾਰਤੀ ਗੁਆਂਢੀ ਦੇਸ਼ਾਂ ਰੋਮਾਨੀਆ, ਪੋਲੈਂਡ, ਹੰਗਰੀ, ਸਲੋਵਾਕੀਆ ਅਤੇ ਮੋਲਡੋਵਾ ਪਹੁੰਚ ਰਹੇ ਹਨ ਅਤੇ ਉਥੋਂ ਵਾਪਸ ਲਾਏ ਜਾ ਰਹੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ 11 ਵਿਸ਼ੇਸ਼ ਉਡਾਣਾਂ ਰਾਹੀਂ 2,135 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। 1,500 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸੋਮਵਾਰ ਨੂੰ ਅੱਠ ਵਿਸ਼ੇਸ਼ ਉਡਾਣਾਂ ਚੱਲਣ ਦੀ ਸੰਭਾਵਨਾ ਹੈ।