ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਤੇਜ਼ ਰਫ਼ਤਾਰ ਕਾਰ ਆਪਣੇ ਅੱਗੇ ਜਾ ਰਹੇ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਕਾਰ ਵਿੱਚ ਸਵਾਰ ਚਾਰ ਖਿਡਾਰੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਯੂ.ਪੀ.ਈ.ਆਈ.ਡੀ.ਏ. (UPEIDA) ਦੇ ਸੁਰੱਖਿਆ ਕਰਮਚਾਰੀਆਂ ਨੇ ਜ਼ਖ਼ਮੀ ਖਿਡਾਰੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਕਾਰ ਸਵਾਰ ਸਾਰੇ ਲਖਨਊ ਵਿਚ ਇਕ ਮੈਚ ਖੇਡਣ ਤੋਂ ਬਾਅਦ ਦੇਵਰੀਆ ਵਾਪਸ ਪਰਤ ਰਹੇ ਸਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ ਹੈ।
ਰਿਪੋਰਟਾਂ ਅਨੁਸਾਰ, ਛੇ ਖਿਡਾਰੀ ਇੱਕ ‘ਅਰਟਿਗਾ’ ਕਾਰ ਵਿੱਚ ਲਖਨਊ ਤੋਂ ਦੇਵਰੀਆ ਵੱਲ ਜਾ ਰਹੇ ਸਨ। ਅੱਜ ਸਵੇਰੇ, ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਤੇਜ਼ ਰਫ਼ਤਾਰ ਕਾਰ ਅੱਗੇ ਜਾ ਰਹੇ ਇੱਕ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਚੀਕ-ਚਿਹਾੜੇ ਦੇ ਵਿਚਕਾਰ ਹਫੜਾ-ਦਫੜੀ ਮੱਚ ਗਈ। ਵਾਹਨ ਚਾਲਕਾਂ ਅਤੇ ਰਾਹਗੀਰਾਂ ਨੇ ਪੁਲਿਸ ਤੇ ਐਂਬੂਲੈਂਸ ਸੇਵਾਵਾਂ ਨੂੰ ਸੂਚਿਤ ਕੀਤਾ ਅਤੇ ਬਚਾਅ ਕਾਰਜ ਸ਼ੁਰੂ ਕੀਤੇ।












