ਸਿਰਸਾ, 11 ਦਸੰਬਰ 2021 – ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕਰੀਬ ਸਾਢੇ 4 ਘੰਟੇ ਡੇਰੇ ਦੇ ਵਾਈਸ ਚੇਅਰਮੈਨ ਡਾ.ਪੀ.ਆਰ.ਨੈਨ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਤੋਂ 125 ਸਵਾਲ ਪੁੱਛੇ ਗਏ, ਪਰ ਨੈਨ ਨੇ ਸਿਰਫ਼ 75 ਸਵਾਲਾਂ ਦੇ ਜਵਾਬ ਦਿੱਤੇ। ਬਾਕੀ ਸਵਾਲਾਂ ‘ਤੇ ਡਾ: ਨੈਨ ਨੇ ਖਰਾਬ ਸਿਹਤ ਦਾ ਹਵਾਲਾ ਦਿੱਤਾ। ਇਸ ਤੋਂ ਬਾਅਦ, ਐਸਆਈਟੀ ਨੇ ਬਾਕੀ ਸਵਾਲਾਂ ਦੀ ਸੂਚੀ ਡਾਕਟਰ ਨੈਨ ਅਤੇ ਉਨ੍ਹਾਂ ਦੇ ਵਕੀਲਾਂ ਦੇ ਪੈਨਲ ਨੂੰ ਸੌਂਪ ਦਿੱਤੀ। ਜਿਸ ‘ਚ ਉਨ੍ਹਾਂ ਨੂੰ 48 ਘੰਟਿਆਂ ‘ਚ ਜਵਾਬ ਦੇਣ ਲਈ ਕਿਹਾ ਗਿਆ ਹੈ।
ਪਰ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਇਕ ਵਾਰ ਫੇਰ ਐਸ ਆਈ ਟੀ ਨੂੰ ਨਹੀਂ ਮਿਲੀ। ਇਸ ਪੁੱਛਗਿੱਛ ਤੋਂ ਬਾਅਦ ਐਸਆਈਟੀ ਦੇ ਮੁਖੀ ਆਈ ਜੀ ਐਸ ਪੀ ਐਸ ਪਰਮਾਰ ਨੇ ਕਿਹਾ ਕਿ ਉਹ ਇਸ ਜਾਂਚ ਤੋਂ ਸੰਤੁਸ਼ਟ ਨਹੀਂ ਹਨ। ਐਸਆਈਟੀ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਵਿੱਚ ਐਸਐਸਪੀ ਮੁਖਵਿੰਦਰ ਭੁੱਲਰ, ਡੀਐਸਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਇਸ ਟੀਮ ਵਿੱਚ ਸ਼ਾਮਲ ਹਨ।
ਇਸ ਤੋਂ ਪਹਿਲਾਂ ਟੀਮ ਰਾਮ ਰਹੀਮ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਵੀ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਪਹਿਲਾਂ SIT ਵੱਲੋਂ ਤਿੰਨ ਵਾਰ ਸੰਮਨ ਭੇਜਣ ਤੋਂ ਬਾਅਦ ਵੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਹਾਜ਼ਰ ਨਹੀਂ ਹੋਏ ਸਨ। ਜਿਸ ਤੋਂ ਬਾਅਦ ਇਕ ਵਾਰ SIT ਦੀ ਡੇਰਾ ਪੁੱਜੀ ਸੀ ਅਤੇ ਉਸ ਦਿਨ ਵੀ SIT ਨੂੰ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਨਹੀਂ ਮਿਲੇ ਸਨ। ਜਿਸ ਤੋਂ ਬਾਅਦ ਹਾਈਕੋਰਟ ਨੇ ਐੱਸ.ਆਈ.ਟੀ ਨੂੰ ਡੇਰਾ ਸੱਚਾ-ਸੌਦਾ ਦੇ ਵਾਈਸ ਚੇਅਰਮੈਨ ਡਾਕਟਰ ਪ੍ਰਿਥਵੀ ਰਾਜ ਨੈਨ ਤੋਂ ਪੁੱਛਗਿੱਛ ਕਰਨ ਲਈ ਡੇਰੇ ਜਾਨ ਦੇ ਹੁਕਮ ਦਿੱਤੇ ਸਨ।