ਸੰਗਰੂਰ, 8 ਦਸੰਬਰ 2021 – ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਔਰਤਾਂ ਨਾਲ ਵਾਅਦਾ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ ਉਹ ਲੋਕਾਂ ਨੂੰ ਇਹ ਸਹੂਲਤਾਂ ਦੇਣਗੇ- ਜਿੰਨੇ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ, ਸਭ ਦੇ ਦੁਬਾਰਾ ਨੀਲੇ ਕਾਰਡ ਬਣਾਏ ਜਾਣਗੇ। ਨੀਲੇ ਕਾਰਡ ਪਰਿਵਾਰਾਂ ‘ਚ ਸ਼ਾਮਲ ਔਰਤਾਂ ਦੇ ਖਾਤੇ ‘ਚ ਹਰ ਮਹੀਨੇ 2000 ਰੁਪਏ ਪਾਏ ਜਾਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਵਿਖੇ ਵਿਧਾਨ ਸਭਾ ਹਲਕਾ ਰਿਜ਼ਰਵ ਭਦੌੜ ਦੀ ਚੋਣ ਰੈਲੀ ‘ਚ ਪੁੱਜੇ ਹੋਏ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਐਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਇਹ ਪਾਰਟੀ ਸਿਰਫ ਪੰਜਾਬ ਦੇ ਲੋਕਾਂ ਲਈ ਹੈ।
ਇਸ ਦੌਰਾਨ ਉਨ੍ਹਾਂ ਨੇ ਕਈ ਵਾਅਦੇ ਕੀਤੇ ਜਿਵੇਂ ਕਿ ਨੀਲੇ ਕਾਰਡ ਪਹਿਲੇ ਮਹੀਨੇ ਬਣਨਗੇ, ਨੀਲੇ ਕਾਰਡ ਧਾਰਕ ਦੀ ਔਰਤ ਨੂੰ ਦੋ ਹਜ਼ਾਰ ਰੁਪਿਆ ਮਹੀਨਾ ਮਿਲੇਗਾ, 400 ਯੂਨਿਟ ਬਿਜਲੀ ਫਰੀ, ਹਰੇਕ ਪਰਿਵਾਰ ਦਾ ਦੱਸ ਲੱਖ ਸਿਹਤ ਬੀਮਾ ਹੋਵੇਗਾ, ਵਿਦਿਆਰਥੀਆਂ ਨੂੰ ਦੱਸ ਲੱਖ ਦੀ ਮੁਫ਼ਤ ਪੜ੍ਹਾਈ ਹੋਵੇਗੀ, 25000 ਅਬਾਦੀ ‘ਚ 1 ਮੈਗਾ ਸਕੂਲ ਬਣੇਗਾ, 10 ਲੱਖ ਦਾ ਦੁਕਾਨ ਬੀਮਾ, 5 ਲੱਖ ਦਾ ਕਰਜ਼ਾ ਬਿਨਾ ਵਿਆਜ ਕੰਮ ਲਈ ਬੇਰੁਜ਼ਗਾਰਾਂ ਨੂੰ ਮਿਲੇਗਾ ਇਸ ਨਾਲ ਹੀ ਉਨ੍ਹਾਂ ਕਈ ਹੋਰ ਵੱਡੇ ਵਾਅਦੇ ਕੀਤੇ।