ਵਿਧਾਨ ਸਭਾ ਵਿਚ ਮੰਤਰੀ ਅਮਨ ਅਰੋੜਾ ਨੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਟਿੱਪਣੀ ‘ਤੇ ਇਤਰਾਜ਼ ਪ੍ਰਗਟ ਕੀਤਾ । ਉਨ੍ਹਾਂ ਕਿਹਾ ਕਿ ਅਸ਼ਵਨੀ ਸ਼ਰਮਾ ਉਨ੍ਹਾਂ ਦੇ ਸਨਮਾਨਿਤ ਸਹਿਯੋਗੀ ਹਨ ਪਰ ਲੜਕੀ ਹੋਣ ਨੂੰ ਲੈ ਕੇ ਕਹੀ ਗਈ ਗੱਲ ਸਹੀ ਨਹੀਂ ਹੈ। ਅਮਨ ਅਰੋੜਾ ਨੇ ਕਿਹਾ ਕਿ ਸਮਾਂ ਬਦਲ ਚੁੱਕਾ ਹੈ। ਅੱਜ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਤੋਂ ਬੇਹਤਰ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਵੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਦਿੰਦੇ ਹਨ, ਅਜਿਹੇ ਵਿਚ ਇਸ ਤਰ੍ਹਾਂ ਦੀ ਟਿੱਪਣੀ ਸਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਅਸ਼ਵਨੀ ਸ਼ਰਮਾ ਦੇ ਇਸ ਬਿਆਨ ਨਾਲ ਮਹਿਲਾਵਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਤੇ ਉਨ੍ਹਾਂ ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਸਾਡਾ ਮਾਣ ਤੇ ਸਨਮਾਨ ਹਨ।
ਦੱਸ ਦੇਈਏ ਕਿ ਅਸ਼ਵਨੀ ਸ਼ਰਮਾ ਨੇ ਬਿਆਨ ਦਿੱਤਾ ਸੀ ਕਿ ਹੁਣ ਤੁਹਾਡੀ ਹਾਲਤ ਅਜਿਹੀ ਹੋ ਗਈ ਹੈ ਕਿ ਘਰ ਵਿਚ ਲੜਕੀ ਪੈਦਾ ਹੋਵੇ ਤਾਂ ਕੇਂਦਰ ਸਰਕਾਰ ਨੂੰ ਦੋਸ਼ ਦਿੰਦੇ ਹਨ ਤੇ ਲੜਕਾ ਪੈਦਾ ਹੋਵੇ ਤਾਂ ਉਸ ਦਾ ਸਿਹਰਾ ਖੁਦ ਲੈ ਲੈਂਦੇ ਹਨ। 20 ਹਜ਼ਾਰ ਕਰੋੜ ਰੁਪਏ ਦੀ ਆਮਦਨ ਦਾ ਵਾਅਦਾ ਸਰਕਾਰ ਨੇ ਕੀਤਾ ਸੀ ਪਰ ਹੁਣ ਹਰ ਗੱਲ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।












