ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਪੁਲਿਸ ਨੇ ਇੱਕ ਮੋਸਟ ਵਾਂਟੇਡ ਬਦਮਾਸ਼ ਦਾ ਐਨਕਾਊਂਟਰ ਕੀਤਾ। ਪੁਲਿਸ ਮੁਤਾਬਕ ਜਦੋਂ ਬਦਮਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਪਾਸਿਆਂ ਤੋਂ ਲਗਭਗ ਛੇ ਰਾਉਂਡ ਫਾਇਰ ਕੀਤੇ ਗਏ। ਜਵਾਬੀ ਕਾਰਵਾਈ ਬਦਮਾਸ਼ ਹਰਮਨ ਦੀ ਲੱਤ ਵਿੱਚ ਗੋਲੀ ਲੱਗੀ।
ਪੁਲਿਸ ਨੇ ਉਸ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਹਰਮਨ ਕਈ ਮਾਮਲਿਆਂ ਵਿੱਚ ਦੋਸ਼ੀ ਹੈ, ਜਿਸ ਵਿੱਚ ਗੁਰਦਾਸਪੁਰ ਦੇ ਹਨੂੰਮਾਨ ਚੌਕ ‘ਤੇ ਗ੍ਰਨੇਡ ਹਮਲਾ ਵੀ ਸ਼ਾਮਲ ਹੈ ਅਤੇ ਇੱਕ ਮਾਮਲੇ ਵਿੱਚ ਭਗੌੜਾ ਅਪਰਾਧੀ ਵੀ ਹੈ।
ਪੁਲਿਸ ਨੇ ਦੋਸ਼ੀ ਦੀ ਪਛਾਣ ਬੋਪਾਰਾਏ ਦੇ ਰਹਿਣ ਵਾਲੇ ਹਰਮਨ ਬੋਪਾਰਾਏ ਵਜੋਂ ਕੀਤੀ ਹੈ। ਪੁਲਿਸ ਹੁਣ ਉਸਦੇ ਵਿਰੁੱਧ ਹੋਰ ਮਾਮਲਿਆਂ ਅਤੇ ਉਸਦੀਆਂ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਕ ਹਰਮਨ ਸਿੰਘ ਉਰਫ਼ ਹਰਮਨ ਬੋਪਾਰਾਏ ਦੇ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਖੋਹ, ਕਤਲ ਦੀ ਕੋਸ਼ਿਸ਼ ਅਤੇ ਕ੍ਰਿਮੀਨਲ ਪ੍ਰੋਸੀਜ਼ਰ ਕੋਡ (ਸੀਆਰਪੀਸੀ) ਦੀ ਧਾਰਾ 109 ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਗੁਰਦਾਸਪੁਰ ਦੇ ਹਨੂੰਮਾਨ ਚੌਕ ‘ਤੇ ਗ੍ਰਨੇਡ ਹਮਲੇ ਵਿੱਚ ਵੀ ਦੋਸ਼ੀ ਹੈ ਅਤੇ ਉਹ ਉਸ ਦੀ ਭਾਲ ਕਰ ਰਹੇ ਸਨ।
ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਮੁਤਾਬਕ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਹਰਮਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਉਸ ਤੋਂ ਉਸ ਦੇ ਖਿਲਾਫ ਦਰਜ ਮਾਮਲਿਆਂ, ਹਥਿਆਰਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਵਿੱਚ ਹੋਰ ਮਾਮਲਿਆਂ ਅਤੇ ਉਸਦੇ ਸਾਥੀਆਂ ਬਾਰੇ ਜਾਣਕਾਰੀ ਸਾਹਮਣੇ ਆ ਸਕਦੀ ਹੈ।












