- ਕਰਤਾਰਪੁਰ ‘ਚ ਮਾਵਾਂ ਭੈਣਾਂ -ਅਤੇ ਹੁਸ਼ਿਆਰਪੁਰ ‘ਚ ਐਸ.ਸੀ ਭਾਈਚਾਰੇ ਦੇ ਰੂਬਰੂ ਹੋਣਗੇ ‘ਆਪ’ ਸੁਪਰੀਮੋਂ
ਚੰਡੀਗੜ੍ਹ, 7 ਦਸੰਬਰ 2021 – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ, 7 ਦਸੰਬਰ ਨੂੰ ਇੱਕ ਰੋਜ਼ਾ ਪੰਜਾਬ ਦੌਰੇ ਦੌਰਾਨ ਦੋਆਬਾ ਖੇਤਰ ‘ਚ ਸਰਗਰਮੀਆਂ ਕਰਨਗੇ। ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਹ ਜਾਣਕਾਰੀ ਦਿੱਤੀ।
ਚੀਮਾ ਨੇ ਦੱਸਿਆ ਕਿ ਮੰਗਲਵਾਰ ਨੂੰ ਸਭ ਤੋਂ ਪਹਿਲਾ ਅਰਵਿੰਦ ਕੇਜਰੀਵਾਲ ਕਰਤਾਰਪੁਰ ਜਲੰਧਰ ‘ਚ ਹੋਣ ਵਾਲੇ ਪ੍ਰੋਗਰਾਮ ‘ਚ ਮਾਵਾਂ- ਭੈਣਾਂ (ਔਰਤਾਂ) ਦੇ ਰੂਬਰੂ ਹੋਣਗੇ। ਇਸ ਉਪਰੰਤ ਉਹ ਹੁਸ਼ਿਆਰਪੁਰ ‘ਚ ਨਿਰਧਾਰਤ ‘ਅਰਵਿੰਦ ਕੇਜਰੀਵਾਲ ਦੀ ਐਸ.ਸੀ ਭਾਈਚਾਰੇ ਨਾਲ ਗੱਲਬਾਤ’ ਪ੍ਰੋਰਗਰਾਮ ਤਹਿਤ ਅਨੁਸੂਚਿਤ ਜਾਤੀਆਂ ਭਾਈਚਾਰੇ ਦੇ ਲੋਕਾਂ ਨਾਲ ਸੰਵਾਦ ਕਰਨਗੇ। ਇਸ ਮੌਕੇ ਉਨਾਂ ਨਾਲ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਹੋਰ ਸੂਬਾਈ ਆਗੂ ਵੀ ਹੋਣਗੇ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੇ ਇਹ ਦੌਰੇ ਅਸਲ ‘ਚ 2022 ਦੀਆਂ ਚੋਣਾ ਮੌਕੇ ਪਾਰਟੀ ਵੱਲੋਂ ਤਿਆਰ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਦਾ ਹਿੱਸਾ ਹਨ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਇੱਥੋਂ ਦੇ ਵਸਨੀਕਾਂ ਲਈ ਕੋਈ ਨਾ ਕੋਈ ‘ਆਪ’ ਦੀ ਗਰੰਟੀ ਦਾ ਐਲਾਨ ਕਰਕੇ ਜਾਂਦੇ ਹਨ, ਜਿਵੇਂ ਸਸਤੀ ਤੇ ਚੌੌਵੀ ਘੰਟੇ ਬਿਜਲੀ ਸਪਲਾਈ ਦੀ ਗਰੰਟੀ, ਚੰਗੇ ਸਿਹਤ ਸੇਵਾਵਾਂ ਦੀ ਗਰੰਟੀ, ਮੁਫ਼ਤ ਤੇ ਬਿਹਤਰੀਨ ਸਿੱਖਿਆ ਦੀ ਗਰੰਟੀ, ਪੰਜਾਬ ਦੇ ਫੌਜੀ ਅਤੇ ਪੁਲੀਸ ਜਵਾਨਾਂ ਦੀ ਸ਼ਹਾਦਤ ‘ਤੇ ਇੱਕ ਕਰੋੜ ਰੁਪਏ ਦੇਣ ਦੀ ਗਰੰਟੀ ਅਤੇ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾਂ ਦੀ ਗਰੰਟੀ ਆਦਿ ਦਾ ਐਲਾਨ ਕਰ ਚੁੱਕੇ ਹਨ।
ਚੀਮਾ ਨੇ ਦੱਸਿਆ ਕਿ ਇਸ ਵਾਰ ਵੀ ਕੇਜਰੀਵਾਲ ਜਿੱਥੇ ਮਾਵਾਂ- ਭੈਣਾਂ ਤੋਂ 1000 ਹਜ਼ਾਰ ਰੁਪਏ ਦੀ ਗਰੰਟੀ ਬਾਰੇ ਸੁਝਾਅ ਲੈਣਗੇ, ਉਥੇ ਹੀ ਪੰਜਾਬ ਵਾਸੀਆਂ ਲਈ ਨਵੀਂ ਗਰੰਟੀ ਦਾ ਐਲਾਨ ਵੀ ਕਰ ਸਕਦੇ ਹਨ।