ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਇੱਕ ਰਾਇਲ ਐਨਫੀਲਡ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗਣ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਅਚਾਨਕ ਅੱਗ ਦੀਆਂ ਲਪਟਾਂ ਤੇਜ਼ ਹੋਣ ਲੱਗੀਆਂ ਅਤੇ ਕੁਝ ਸਕਿੰਟਾਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਉਥੇ ਹਫੜਾ ਦਫੜੀ ਮੱਚ ਗਈ ਇਸ ਹੈਰਾਨ ਕਰਨ ਵਾਲੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਇਲ ਐਨਫੀਲਡ ਮੋਟਰਸਾਈਕਲ ਮੰਦਰ ਦੇ ਸਾਹਮਣੇ ਖੜ੍ਹੀ ਸੀ। ਦਰਅਸਲ ਮੈਸੂਰ, ਕਰਨਾਟਕ ਦੇ ਰਹਿਣ ਵਾਲਾ ਬਾਈਕਰ ਰਵੀਚੰਦਰ ਨਵੀਂ ਰਾਇਲ ਐਨਫੀਲਡ ਬੁਲੇਟ ਖਰੀਦਣ ਤੋਂ ਬਾਅਦ 387 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਦੇ ਕਾਸਾਪੁਰਮ ਅੰਜਨੇਯਾ ਸਵਾਮੀ ਮੰਦਰ ਵਿੱਚ ਪੂਜਾ ਲਈ ਪਹੁੰਚਿਆ। ਇਥੇ ਉਗਾਦੀ ਦੇ ਮੌਕੇ ‘ਤੇ ਸਵਾਮੀ ਦੀ ਰਥ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿਚ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੁੰਦੇ ਹਨ। ਰਵੀਚੰਦਰ ਵੀ ਪੂਜਾ ਲਈ ਪਹੁੰਚੇ ਹੋਏ ਸਨ। ਉਹ ਪੂਜਾ ਦੀ ਤਿਆਰੀ ਕਰ ਰਿਹਾ ਸੀ ਜਦ ਬਾਈਕ ਨੂੰ ਅੱਗ ਲੱਗ ਗਈ।
ਧਮਾਕਾ ਇੰਨਾ ਜ਼ਬਰਦਸਤ ਸੀ ਜਿਵੇਂ ਕੋਈ ਬੰਬ ਫਟ ਗਿਆ ਹੋਵੇ। ਧਮਾਕੇ ਨਾਲ ਬਾਈਕ ਦੇ ਪਰਖੱਚੇ ਉੱਡ ਗਏ ਅਤੇ ਨੇੜੇ ਖੜ੍ਹੀਆਂ ਹੋਰ ਗੱਡੀਆਂ ਨੂੰ ਵੀ ਅੱਗ ਲੱਗ ਗਈ ਪਰ ਇਸ ‘ਤੇ ਕਾਬੂ ਪਾ ਲਿਆ ਗਿਆ।












