ਚੰਡੀਗੜ੍ਹ: ਪੰਜਾਬ ਵਿੱਚ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਮੰਤਰੀਆਂ ਨੂੰ ਸਹੁੰ ਚੁਕੇ ਦੋ ਦਿਨ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਹੁਣ ਤੱਕ ਉਹ ਵਿਭਾਗ ਤੋਂ ਬਿਨਾਂ ਕੰਮ ਕਰ ਰਹੇ ਹਨ। ਸਭ ਤੋਂ ਵੱਧ ਚਰਚਾ ਸਿੱਖਿਆ ਅਤੇ ਸਿਹਤ ਮੰਤਰਾਲੇ ਨੂੰ ਲੈ ਕੇ ਹੋ ਰਹੀ ਹੈ। ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸਿਆਸੀ ਤਾਕਤ ਸਕੂਲ ਅਤੇ ਹਸਪਤਾਲ ਹਨ। ਅਜਿਹੇ ‘ਚ ਇਸ ਗੱਲ ਨੂੰ ਲੈ ਕੇ ਮੰਥਨ ਚੱਲ ਰਿਹਾ ਹੈ ਕਿ ਇਹ ਵਿਭਾਗ ਕਿਸ ਨੂੰ ਦਿੱਤਾ ਜਾਵੇ।
ਮੀਡਿਆ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਗ੍ਰਹਿ ਯਾਨੀ ਪੁਲਿਸ, ਵਿਜੀਲੈਂਸ, ਮਾਈਨਿੰਗ, ਖੇਤੀਬਾੜੀ ਵਰਗੇ ਵੱਡੇ ਵਿਭਾਗ ਮੁੱਖ ਮੰਤਰੀ ਕੋਲ ਹੀ ਰਹਿਣਗੇ। ਮਾਨ ਸਰਕਾਰ ਦੇ ਸਭ ਤੋਂ ਵੱਡੇ ਦਲਿਤ ਚਿਹਰੇ ਹਰਪਾਲ ਚੀਮਾ ਨੂੰ ਲੋਕਲ ਸਰਕਾਰ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਮੰਤਰੀ ਬਣਾਏ ਗਏ ਬ੍ਰਹਮਸ਼ੰਕਰ ਜ਼ਿੰਪਾ ਨੂੰ ਉਦਯੋਗ ਵਿਭਾਗ ਮਿਲ ਸਕਦਾ ਹੈ। ਸਿੱਖਿਆ ਨੂੰ ਲੈ ਕੇ ਕੇਜਰੀਵਾਲ ਦੇ ਕਰੀਬੀ ਹਰਜੋਤ ਬੈਂਸ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਮਾਨਸਾ ਦੇ ਡਾਕਟਰ ਵਿਜੇ ਸਿੰਗਲਾ ਦਾ ਨਾਂਅ ਸਿਹਤ ਲਈ ਚਰਚਾ ਵਿੱਚ ਹੈ।
ਪੰਜਾਬ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਇਨ੍ਹਾਂ ਵਿਚੋਂ ਭਗਵੰਤ ਮਾਨ ਸੀ.ਐਮ. ਇਸ ਤੋਂ ਇਲਾਵਾ 10 ਮੰਤਰੀਆਂ ਨੇ ਸਹੁੰ ਚੁੱਕੀ। ਹਾਲਾਂਕਿ ਹੁਣ 7 ਮੰਤਰੀਆਂ ਦੀ ਜਗ੍ਹਾ ਬਚੀ ਹੈ। ਜਦੋਂ ‘ਆਪ’ ਸਰਕਾਰ ਇਹ ਅਸਾਮੀ ਭਰਦੀ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਇਸ ‘ਤੇ ਲੱਗੀਆਂ ਹੋਈਆਂ ਹਨ।












