ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਸੂਬੇ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਹੁਣ ‘ਲੋਕ ਮਿਲਣੀ’ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਵਾਰ ਆਮ ਆਦਮੀ ਪਾਰਟੀ ਦੀ ਨਜ਼ਰ ਵਿਰੋਧੀ ਧਿਰਾਂ ਦੇ ਮਜ਼ਬੂਤ ਸਿਆਸੀ ਗੜ੍ਹਾਂ ‘ਤੇ ਹੈ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ 26 ਅਗਸਤ ਨੂੰ ਮਜੀਠਾ ਵਿੱਚ ਲੋਕ ਮਿਲਣੀ ਕਰਨਗੇ। ਇਹ ਇਲਾਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਸਿਆਸੀ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ 27 ਅਗਸਤ ਨੂੰ ਕਰਤਾਰਪੁਰ ਵਿੱਚ ਲੋਕ ਮਿਲਣੀ ਦਾ ਪ੍ਰੋਗਰਾਮ ਹੋਵੇਗਾ, ਜਦਕਿ 28 ਅਗਸਤ ਨੂੰ ਮੁਹਾਲੀ ਜਾਂ ਖਰੜ ਵਿੱਚ ਪ੍ਰੋਗਰਾਮ ਕਰਵਾਉਣ ਦੀ ਤਿਆਰੀ ਹੈ।
ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਦੀ ਰਣਨੀਤੀ ਇੱਥੇ ਹੀ ਰੁਕਣ ਵਾਲੀ ਨਹੀਂ ਹੈ। ਬਾਦਲ ਪਰਿਵਾਰ ਦੇ ਪੁਰਖਿਆਂ ਦੇ ਪਿੰਡ ਘੁੱਦਾ ਵਿੱਚ ਵੀ ਲੋਕ ਮਿਲਣੀ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਘੁੱਦਾ ਬਠਿੰਡਾ ਦਿਹਾਤੀ ਹਲਕੇ ਵਿੱਚ ਪੈਂਦਾ ਹੈ ਅਤੇ ‘ਆਪ’ ਵੱਲੋਂ ਹਾਲ ਹੀ ਵਿੱਚ ਇਸ ਹਲਕੇ ਦੀ ਜ਼ਿੰਮੇਵਾਰੀ ਸਾਬਕਾ ਪੀਸੀਐੱਸ ਅਧਿਕਾਰੀ ਗੋਪਾਲ ਸਿੰਘ ਨੂੰ ਦਿੱਤੀ ਗਈ ਹੈ।
ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿੱਚ ਵੀ ਮੁੱਖ ਮੰਤਰੀ ਦੀ ਲੋਕ ਮਿਲਣੀ ਕਰਵਾਉਣ ਦੀ ਤਿਆਰੀ ਦੱਸੀ ਜਾ ਰਹੀ ਹੈ। ਮਹਿਰਾਜ ਰਾਮਪੁਰਾ ਫੂਲ ਹਲਕੇ ਦਾ ਵੱਡਾ ਪਿੰਡ ਹੈ ਅਤੇ ਇਲਾਕੇ ਦੀ ਸਿਆਸਤ ਵਿੱਚ ਇਸ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਮੁੱਖ ਮੰਤਰੀ ਮਾਨ ਵਿਰੋਧੀ ਧਿਰ ਦੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਸਿੱਧਾ ਲੋਕਾਂ ਨਾਲ ਸੰਪਰਕ ਬਣਾਉਣ ਦੇ ਨਾਲ-ਨਾਲ ਸਿਆਸੀ ਸੁਨੇਹਾ ਵੀ ਦੇਣਾ ਚਾਹੁੰਦੇ ਹਨ।
ਮੌਨਸੂਨ ਕਾਰਨ ਪਿਛਲੇ ਕੁਝ ਸਮੇਂ ਤੋਂ ‘ਲੋਕ ਮਿਲਣੀ’ ਪ੍ਰੋਗਰਾਮ ਰੁਕੇ ਹੋਏ ਸਨ। ਹੁਣ ਦੂਜੇ ਪੜਾਅ ਵਿੱਚ ਇਹ ਮੁੜ 26 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਹਨ। ਚੋਣਾਂ ਤੋਂ ਪਹਿਲਾਂ ਇਨ੍ਹਾਂ ਪ੍ਰੋਗਰਾਮਾਂ ਰਾਹੀਂ ‘ਆਪ’ ਵੱਲੋਂ ਜ਼ਮੀਨੀ ਪੱਧਰ ‘ਤੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।












