ਪਠਾਨਕੋਟ : ਵਾਰਡ ਨੰ. 19 ’ਚ ਭਾਜਪਾ ਦੀ ਚੋਣ ਜਨਸਭਾ ’ਚ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਚਾਰ ਵਰਕਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਵਾਰਡ ਨੰ. 19 ਦੌਲਤਪੁਰ ਸ੍ਰੀ ਰਾਮ ਸ਼ਰਣਮ ਮੰਦਰ ਸਾਹਮਣੇ ਸਾਬਕਾ ਕੌਂਸਲਰ ਵਿਜੇ ਚੁੰਨੀ ਨੇ ਭਾਜਪਾ ਦੀ ਚੋਣ ਸਭਾ ਕੀਤੀ ਸੀ। ਇਸ ਦੌਰਾਨ 35 ਤੋਂ 40 ਸ਼ਰਾਰਤੀ ਅਨਸਰ ਪਹੁੰਚੇ ਅਤੇ ਹੰਗਾਮਾ ਕਰਨ ਲੱਗੇ। ਰੋਕਣ ’ਤੇ ਭਾਜਪਾ ਦੇ ਸਮਰਥਕਾਂ ਤੇ ਵਰਕਰਾਂ ’ਤੇ ਰਾਡਾਂ ਨਾਲ ਹਮਲਾ ਕਰ ਦਿੱਤਾ।
ਸੂਚਨਾ ਮਿਲਦਿਆਂ ਪਠਾਨਕੋਟ ਤੋਂ ਭਾਜਪਾ ਦੇ ਉਮੀਦਵਾਰ ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਪੁਲਿਸ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਰੈਲੀਆਂ ਵਿਚ ਸੁਰੱਖਿਆ ਦੀ ਕਮੀ ਕਾਰਨ ਗੁੰਡਾਗਰਦੀ ਦਾ ਇਹ ਨੰਗਾ ਨਾਚ ਹੋਇਆ ਹੈ। ਉਨ੍ਹਾਂ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ ਨਾ ਲੈਂਦਿਆਂ ਕਿਹਾ ਕਿ ਇਹ ਕਿਸੇ ਸਿਆਸੀ ਪਾਰਟੀ ਦੀ ਸਾਜ਼ਿਸ਼ ਹੋ ਸਕਦੀ ਹੈ।












