ਚੰਡੀਗੜ੍ਹ, 12 ਦਸੰਬਰ 2021 – ਬੀਤੇ ਦਿਨੀਂ ਵਾਪਰੇ ਹੈਲੀਕਾਪਟਰ ਹਾਦਸੇ ‘ਚ ਭਾਰਤੀ ਫ਼ੌਜਾਂ ਦੇ ਮੁਖੀ ਬਿਪਿਨ ਰਾਵਤ ਨਾਲ ਸ਼ਹੀਦ ਹੋਏ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਦਾ ਜੰਮਪਲ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਥਿਤ ਏਅਰ ਫੋਰਸ ਸਟੇਸ਼ਨ ਵਿਖੇ ਵਿਸ਼ੇਸ਼ ਜਹਾਜ਼ ਰਾਹੀਂ ਪੁੱਜ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਸੇਵਕ ਦੀ ਮ੍ਰਿਤਕ ਦੇਹ 10.30 ਵਜੇ ਪੁੱਜ ਰਹੀ ਹੈ। ਗੁਰਸੇਵਕ ਸਿੰਘ ਦੇ ਮ੍ਰਿਤਕ ਸਰੀਰ ਦੀ ਪਹਿਚਾਣ ਕਾਫੀ ਮੁਸ਼ਕਲਾਂ ਚੋਂ ਗੁਜ਼ਰਦਿਆਂ ਹੋਈ ਹੈ। ਏਅਰ ਫੋਰਸ ਸਟੇਸ਼ਨ ਤੋਂ ਹੀ ਗੁਰਸੇਵਕ ਸਿੰਘ ਦੇ ਮ੍ਰਿਤਕ ਦੇਹ ਨੂੰ ਤਰਨਤਾਰਨ ਜ਼ਿਲ੍ਹੇ ਵਿਚ ਉਸਦੇ ਪਿੰਡ ਦੋਦ ਵਿਚ ਲਿਜਾਇਆ ਜਾਵੇਗਾ।
ਤੁਹਾਨੂੰ ਦਾਸ ਦਈਏ ਕਿ ਲਾਂਸ ਨਾਇਕ ਗੁਰਸੇਵਕ ਸਿੰਘ ਨੇ ਹਾਲੇ 20 ਦਿਨ ਪਹਿਲਾਂ ਹੀ 40 ਦਿਨ ਦੀ ਛੁੱਟੀ ਕੱਟਣ ਮਗਰੋਂ ਮੁੜ ਡਿਊਟੀ ਜੁਆਇਨ ਕੀਤੀ ਸੀ। ਉਹ ਪਿਛਲੇ 3 ਸਾਲਾਂ ਤੋਂ ਜਨਰਲ ਬਿਪਨ ਰਾਵਤ ਨਾਲ ਜੁੜਿਆ ਹੋਇਆ ਸੀ। ਉਹ 2004 ਵਿਚ ਫੌਜ ਵਿਚ ਭਰਤੀ ਹੋਇਆ ਸੀ। ਗੁਰਸੇਵਕ ਸਿੰਘ ਆਪਣੇ ਪਿੱਛੇ ਪਤਨੀ ਜਸਪ੍ਰੀਤ ਕੌਰ, ਤਿੰਨ ਬੱਚੇ ਤੇ 70 ਸਾਲਾ ਪਿਤਾ ਛੱਡ ਗਏ ਹਨ।