ਚੰਡੀਗੜ੍ਹ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੋਂ ਕਰੀਬ 1 ਕਿਲੋਮੀਟਰ ਦੂਰ ਕਾਂਸਲ-ਨਿਆਗਾਓਂ ਟੀ-ਪੁਆਇੰਟ ਨੇੜੇ ਮਿਲੇ ਬੰਬ ਦੀ ਜਾਂਚ ਲਈ ਫੌਜ ਦੀ ਬੰਬ ਨਿਰੋਧਕ ਟੀਮ ਚੰਡੀਮੰਦਰ ਤੋਂ ਪਹੁੰਚ ਗਈ ਹੈ। ਇਸ ਦੌਰਾਨ ਬੰਬ ਨਿਰੋਧਕ ਟੀਮ ਇਸ ਨੂੰ ਡਿਫਿਊਜ਼ ਕਰੇਗੀ। ਚੰਡੀਗੜ੍ਹ ਪੁਲਿਸ ਨੇ ਸੋਮਵਾਰ ਸ਼ਾਮ ਨੂੰ ਇਸ ਦੀ ਜਾਣਕਾਰੀ ਫੌਜ ਨੂੰ ਦਿੱਤੀ ਸੀ। ਫੌਜ ਦੀ ਟੀਮ ਸੁਰੱਖਿਆ ਜੈਕਟ ਪਹਿਨੇ ਹੋਏ ਬੰਬ ਦੀ ਜਾਂਚ ਕਰ ਰਹੀ ਹੈ। ਮੌਕੇ ‘ਤੇ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਜੂਦ ਹਨ।
ਹਨੇਰਾ ਹੋਣ ਕਾਰਨ ਫੌਜ ਦੀ ਟੀਮ ਰਾਤ ਨੂੰ ਨਹੀਂ ਪਹੁੰਚ ਸਕੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਰਿਹਾਇਸ਼ ਵੀ ਉਸ ਥਾਂ ਦੇ ਨੇੜੇ ਹੈ ਜਿੱਥੇ ਬੰਬ ਮਿਲਿਆ ਸੀ। ਇਹ ਬੰਬ ਰਾਜਿੰਦਰਾ ਪਾਰਕ ਦੇ ਸਾਹਮਣੇ ਅੰਬਾਂ ਦੇ ਬਾਗ ਵਿੱਚ ਪਿਆ ਮਿਲਿਆ ਸੀ। ਇਹ ਦੇਖ ਕੇ ਟਿਊਬਵੈੱਲ ਅਪਰੇਟਰ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ।












