- ਕਿਹਾ, ਸਿਆਸੀ ਆਗੂਆਂ ਦੀ ਸੁਰੱਖਿਆ ਤੋਂ ਜ਼ਿਆਦਾ ਆਮ ਲੋਕਾਂ ਦੀ ਸੁਰੱਖਿਆ ਦਾ ਰੱਖਿਆ ਜਾਵੇਗਾ ਧਿਆਨ
- ‘ਆਪ’ ਦੀ ਸਰਕਾਰ ਵਿੱਚ ਇੱਕ ਵੀ ਨਜਾਇਜ ਐਫ.ਆਈ.ਆਰ ਦਰਜ ਨਹੀਂ ਹੋਵੇਗੀ
- ਲੋਕਾਂ ਨੂੰ ਅਪੀਲ ਇੱਕ ਬਾਰ ‘ਆਪ’ ਦੀ ਸਰਕਾਰ ਬਣਾਉ, ਅਸੀਂ ਪੰਜਾਬ ’ਚ ਫਿਰ ਤੋਂ ਮਹਾਰਾਜਾ ਰਣਜੀਤ ਸਿੰਘ ਵਾਲੀ ਸ਼ਾਸਨ ਵਿਵਸਥਾ ਸ਼ੁਰੂ ਕਰਾਂਗੇ
ਮੋਗਾ, 24 ਦਸੰਬਰ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਪੁਲੀਸ ਦੇ ਸਾਬਕਾ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾ ਵੀ.ਆਈ.ਪੀ. ਕਲਚਰ ਖ਼ਤਮ ਕਰਾਂਗੇ ਅਤੇ ਆਮ ਆਦਮੀ ਦਾ ਕਲਚਰ ਸ਼ੁਰੂ ਕਰਾਂਗੇ। ‘ਆਪ’ ਦੀ ਸਰਕਾਰ ਸਿਆਸੀ ਆਗੂਆਂ ਦੀ ਸੁਰੱਖਿਆ ਤੋਂ ਜ਼ਿਆਦਾ ਆਮ ਆਦਮੀ ਦੀ ਸੁਰੱਖਿਆ ਦੀ ਚਿੰਤਾ ਕਰੇਗੀ। ਇਸ ਲਈ ਸਿਆਸੀ ਆਗੂਆਂ ਦੀ ਸੁਰੱਖਿਆ ਵਿੱਚ ਭਾਰੀ ਸੰਖਿਆ ’ਚ ਲੱਗੇ ਪੁਲੀਸ ਮੁਲਾਜ਼ਮ ਹਟਾਏ ਜਾਣਗੇ ਅਤੇ ਉਨ੍ਹਾਂ ਨੂੰ ਆਮ ਆਦਮੀ ਦੀ ਸੁਰੱਖਿਆ ਵਿੱਚ ਲਾਇਆ ਜਾਵੇਗਾ।
ਵੀਰਵਾਰ ਨੂੰ ਕੁੰਵਰ ਵਿਜੈ ਪ੍ਰਤਾਪ ਨੇ ਮੋਗਾ ਅਤੇ ਫਰੀਦਕੋਟ ਜ਼ਿਲਿ੍ਹਆਂ ਵਿੱਚ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਕੱਠੇ ਹੋਏ ਕਾਰੋਬਾਰੀਆਂ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਵਚਨਬੱਧ ਹੈ। ਇਸ ਲਈ ‘ਆਪ’ ਦੇ ਸਾਰੇ ਵੱਡੇ ਆਗੂ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਲਗਾਤਾਰ ਮੁਲਾਕਾਤਾਂ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣ ਰਹੇ ਹਨ। ਪੰਜਾਬ ਦੇ ਉਦਯੋਗ ਅਤੇ ਵਪਾਰ ਨੂੰ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸੰਭਵ ਕਦਮ ਚੁੱਕੇਗੀ।
‘ਆਪ’ ਆਗੂ ਨੇ ਕਿਹਾ ਕਿ ਵਪਾਰ ਨੂੰ ਹੁਲਾਰਾ ਦੇਣ ਲਈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਨਾ ਬੇਹੱਦ ਜ਼ਰੂਰੀ ਹੈ। ਇਸ ਦੇ ਲਈ ਪੁਲੀਸ ਪ੍ਰਸ਼ਾਸਨ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਨੂੰ ਦੂਰ ਕੀਤਾ ਜਾਵੇਗਾ ਅਤੇ ਭ੍ਰਿਸ਼ਟ ਪੁਲੀਸ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਅਪਰਾਧ ਰੋਕਣ ਲਈ ਪੁਲੀਸ ਨੂੰ ਪੂਰੀ ਖੁੱਲ੍ਹ ਦੇਵਾਂਗੇ, ਪਰ ਉਸ ਨੂੰ ਗਲਤ ਕੰਮ ਕਰਨ ਦੀ ਛੂਟ ਨਹੀਂ ਦਿੱਤੀ ਜਾਵੇਗੀ। ਪੁਲੀਸ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਜਾਂਚ ਪ੍ਰਕਿਰਿਆ ਵਿੱਚ ਸੁਧਾਰ ਹੋਵੇ ਅਤੇ ਸਮੇਂ ਸਿਰ ਅਤੇ ਉਚਿਤ ਤਰੀਕੇ ਦੀ ਜਾਂਚ ਹੋ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੀ ਸਰਕਾਰ ਵਿੱਚ ਕਿਸੇ ਵੀ ਥਾਣੇ ’ਚ ਇੱਕ ਵੀ ਨਜਾਇਜ ਐਫ.ਆਈ.ਆਰ ਦਰਜ ਨਹੀਂ ਕੀਤੀ ਜਾਵੇਗੀ।
ਸੱਤਾ ਵਿੱਚ ਰਹੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂਆਂ ਦੀ ਅਲੋਚਨਾ ਕਰਦਿਆਂ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਅਡਾਨੀ ਅਤੇ ਅੰਬਾਨੀ ਕਦੇ ਪੰਜਾਬ ਨਾ ਆਉਂਦੇ, ਪਰ ਪੰਜਾਬ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਸਾਮਰਾਜ ਹੈ ਕਿਉਂਕਿ ਇੱਥੇ ਉਨ੍ਹਾਂ ਦੇ ਸਾਰੇ ਕੰਮ ਸਰਕਾਰ ਵਿੱਚ ਰਹੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਆਗੂ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਮਜ਼ਬੂਤ ਕਰਨ ਲਈ ਮੋਦੀ ਸਰਕਾਰ ਤੋਂ ਪਹਿਲਾ 2013 ਵਿੱਚ ਹੀ ਅਕਾਲੀ- ਭਾਜਪਾ ਸਰਕਾਰ ਨੇ ਪੰਜਾਬ ਵਿੱਚ ਕੰਟਰੈਕਟ ਫਾਰਮਿੰਗ ਐਕਟ ਲਾਗੂ ਕੀਤਾ ਸੀ। ਪੰਜਾਬ ਦੇ ਲੋਕਾਂ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ’ਤੇ ਮਹਾਰਾਜਾ ਰਣਜੀਤ ਸਿੰਘ ਵਾਲੀ ਕਾਨੂੰਨ ਵਿਵਸਥਾ ਮੁੱੜ ਸ਼ੁਰੂ ਕੀਤੀ ਜਾਵੇਗੀ।












