ਚੰਡੀਗੜ੍ਹ, 11 ਦਸੰਬਰ 2021 – ਈਟੀਟੀ ਟੈੱਟ ਪਾਸ ਅਤੇ ਬੀ ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ‘ਤੇ ਬੀਤੇ ਦਿਨ ਮਾਨਸਾ ਵਿਖੇ ਮੁੱਖ ਮੰਤਰੀ ਚੰਨੀ ਦੀ ਆਮਦ ਮੌਕੇ ਪੁਲੀਸ ਵਲੋਂ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕੀਤਾ ਗਿਆ। ਜਿਸ ਦੇ ਵਿਰੋਧ ‘ਚ ਐਡਵੋਕੇਟ ਹਾਕਮ ਸਿੰਘ (ਪੰਜਾਬ ਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ), ਕੁਲਦੀਪ ਸਿੰਘ ਖਹਿਰਾ (ਲੁਧਿਆਣਾ), ਪਰਵਿੰਦਰ ਸਿੰਘ ਕਿੱਤਣਾ (ਨਵਾਂਸ਼ਹਿਰ) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹੁਸਨ ਲਾਲ (ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ, ਚੰਡੀਗੜ੍ਹ), ਇਕਬਾਲਪ੍ਰੀਤ ਸਹੋਤਾ (ਡੀ.ਜੀ.ਪੀ. ਪੰਜਾਬ ਪੁਲੀਸ, ਚੰਡੀਗੜ੍ਹ) ਕੋਲ ਮਾਨਸਾ ਵਿੱਚ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ‘ਤੇ ਅਣਮਨੁੱਖੀ ਤਰੀਕੇ ਨਾਲ ਤਸ਼ੱਦਦ ਕਰਨ ਵਾਲੇ ਡੀ. ਐਸ. ਪੀ. ਗੁਰਮੀਤ ਸਿੰਘ ਤੇ ਹੋਰਾਂ ‘ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਸਬੰਧੀ ਸ਼ਿਕਾਇਤ ਕੀਤੀ ਗਈ ਹੈ।
ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਨਵੀਂਆਂ ਭਰਤੀਆਂ ਦੇ ਇਸ਼ਤਿਹਾਰ ਜਾਰੀ ਕਰਵਾਉਣ ਅਤੇ ਈ.ਟੀ.ਟੀ. ਦੀਆਂ 2364 ਤੇ 6635 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਵਾ ਕੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ, ਈਟੀਟੀ ਟੈੱਟ ਪਾਸ ਅਤੇ ਬੀ ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ‘ਤੇ ਬੀਤੇ ਦਿਨ ਮਾਨਸਾ ਵਿਖੇ ਮੁੱਖ ਮੰਤਰੀ ਚੰਨੀ ਦੀ ਆਮਦ ਮੌਕੇ ਪੁਲੀਸ ਵਲੋਂ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕੀਤਾ ਗਿਆ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਕਿ ਕਿਸ ਤਰ੍ਹਾਂ ਪੁਲਿਸ ਵੱਲੋਂ ਅਣਮਨੁੱਖੀ ਵਤੀਰਾ ਵਰਤਿਆ ਗਿਆ।
ਐਡਵੋਕੇਟ ਨੇ ਅੱਗੇ ਆਪਣੀ ਸ਼ਿਕਾਇਤ ਕਿਹਾ ਕੇ ਜੇ ਡੀ.ਐੱਸ.ਪੀ. ਤੇ ਹੋਰਾਂ ‘ਤੇ ਮੁਕੱਦਮਾ ਦਰਜ ਕਰਕੇ ਬਰਖਾਸਤ ਨਹੀਂ ਕੀਤਾ ਜਾਂਦਾ ਤਾਂ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕਰਨ ਲਈ ਮਜਬੂਰ ਹੋਵਾਂਗੇ। ਉਮੀਦ ਹੈ ਕੀਤੀ ਗਈ ਕਾਰਵਾਈ ਸਬੰਧੀ ਸਾਨੂੰ ਸੂਚਿਤ ਕਰ ਦਿੱਤਾ ਜਾਵੇਗਾ।