ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਦੀ ਅੱਜ ਉਪਚੋਣ ਹੋਈ ਜਿਸ ਵਿਚ ਡਾ. ਇੰਦਰਬੀਰ ਸਿੰਘ ਨਿੱਝਰ ਦੀਵਾਨ ਦੇ ਪ੍ਰਧਾਨ ਚੁਣੇ ਗਏ ਹਨ। ਚੀਫ ਖਾਲਸਾ ਦੇ ਪ੍ਰਧਾਨ ਦੇ ਅਹੁਦੇ ਲਈ ਅੱਜ ਹੋਈ ਉਪਚੋਣ ਚ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ 158 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਹਾਸਿਲ ਕੀਤੀ ਹੈ। ਅੰਮ੍ਰਿਤਸਰ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਕੁਲ ਪੋਲ ਹੋਈਆਂ 329 ਵੋਟਾਂ ਚੋਂ 243 ਵੋਟਾਂ ਮਿਲੀਆਂ ਜਦਕਿ ਵਿਰੋਧੀ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ 85 ਵੋਟਾਂ ਹਾਸਿਲ ਕੀਤੀਆਂ।
ਚੀਫ ਖਾਲਸਾ ਦੀਵਾਨ ਦੇ ਤਤਕਾਲੀ ਪ੍ਰਧਾਨ ਨਿਰਮਲ ਸਿੰਘ ਦਾ ਸੰਖੇਪ ਬਿਮਾਰੀ ਦੇ ਚਲਦਿਆਂ ਦੇਹਾਂਤ ਹੋਣ ਕਾਰਨ ਸੰਸਥਾ ਦੇ ਸੰਵਿਧਾਨ ਅਨੁਸਾਰ 2 ਮਹੀਨੇ ਚ ਪ੍ਰਧਾਨ ਦੀ ਉਪਚੋਣ ਕਰਵਾਉਣ ਦਾ ਕੰਮ ਨੇਪੜੇ ਚੜਾਉਣਾ ਲਾਜ਼ਮੀ ਸੀ ਜਿਸ ਦੇ ਚਲਦਿਆਂ ਅੱਜ ਬੇਲੇਟ ਪੇਪਰ ਰਾਹੀਂ ਵੋਟਾਂ ਪਾਈਆਂ ਗਈਆਂ। ਚੀਫ ਖਾਲਸਾ ਦੀਵਾਨ ਦੇ ਕੁਲ 517 ਮੈਂਬਰ ਹਨ ਜੋ ਕਿ ਪੰਜਾਬ , ਹਰਿਆਣਾ, ਮੁੰਬਈ, ਦਿੱਲੀ, ਕਾਨਪੁਰ ਸਮੇਤ ਵੱਖ ਵੱਖ ਸੂਬਿਆਂ ਨਾਲ ਸਬੰਧਿਤ ਹਨ।
ਚੀਫ ਖਾਲਸਾ ਦੀਵਾਨ ਦੇ ਨਵਨਿਯੁਕਤ ਪ੍ਰਧਾਨ ਡਾਕਟਰ ਨਿੱਜਰ ਨੇ ਦੀਵਾਨ ਦੇ ਮੁੱਖ ਦਫਤਰ ‘ਚ ਸਥਿਤ ਗੁਰੂਦੁਆਰਾ ਸਾਹਿਬ ‘ਚ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ। ਉਨ੍ਹਾ ਗੱਲਬਾਤ ਕਰਦਿਆਂ ਆਪਣੀ ਵੱਡੀ ਜਿੱਤ ਲਈ ਗੁਰੂ ਰਾਮਦਾਸ ਦਾ ਸ਼ੁਕਰਾਨਾ ਕੀਤਾ ਉਨ੍ਹਾਂ ਆਪਣੇ ‘ਚ ਵਿਸ਼ਵਾਸ਼ ਜਤਾਉਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਮਿਲੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਡਾਕਟਰ ਨਿੱਜਰ ਨੇ ਕਿਹਾ ਕਿ ਸਿੱਖੀ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਰਹੇਗਾ ਅਤੇ ਸੰਸਥਾ ਦੀ ਅਗਵਾਈ ਹੇਠ ਚੱਲ ਰਹੇ ਸਕੂਲ ਕਾਲਜਾਂ ਚ ਘਟ ਖਰਚੇ ਤੇ ਉੱਚ ਮਿਆਰੀ ਸਿੱਖਿਆ ਮੁਹਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਸ਼ਾਨਾਮੱਤੀ ਸੰਸਥਾ ਦੀਆਂ ਪ੍ਰਾਪਤੀਆਂ ਤੇ ਗਤੀਵਿਧੀਆਂ ਤੋਂ ਦੁਨੀਆ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਆਈ ਟੀ ਟੀਮ ਤਿਆਰ ਕੀਤੀ ਜਾਵੇਗੀ।












