ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਜਲੰਧਰ ਉਪ ਚੋਣ ਲਈ ਪਾਰਟੀ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਜੰਟ ਸਿੰਘ ਕੱਟੂ ਜਲੰਧਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ, ਜਿਨ੍ਹਾਂ ਲਈ ਪੂਰੀ ਪਾਰਟੀ ਚੋਣ ਪ੍ਰਚਾਰ ਕਰੇਗੀ। ਵਿਰੋਧੀ ਪਾਰਟੀਆਂ ਨੂੰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਹੋਵੇਗੀ। ਦੱਸ ਦਈਏ ਕਿ ਗੁਰਜੰਟ ਸਿੰਘ ਕੱਟੂ ਪਿਛਲੇ ਢਾਈ ਦਹਾਕਿਆਂ ਤੋਂ ਪਾਰਟੀ ਵਿਚ ਸੇਵਾ ਨਿਭਾ ਰਹੇ ਹਨ ਤੇ ਸਿਮਰਨਜੀਤ ਸਿੰਘ ਮਾਨ ਦੇ ਨਿੱਜੀ ਸਕੱਤਰ ਵਜੋਂ ਕਾਰਜਸ਼ੀਲ ਹਨ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਜਲੰਧਰ ਦੀ ਇਹ ਲੋਕਸਭਾ ਸੀਟ ਖਾਲੀ ਹੋ ਗਈ ਸੀ । ਹੁਣ ਇਸ ਸੀਟ ’ਤੇ 10 ਮਈ ਨੂੰ ਵੋਟਾਂ ਪੈਣਗੀਆਂ ਅਤੇ 13 ਮਈ ਨੂੰ ਇਸ ਦੇ ਨਤੀਜੇ ਐਲਾਨੇ ਜਾਣਗੇ ।












