ਇੱਕ ਸਾਲ 14 ਦਿਨ ਤੋਂ ਚੱਲ ਰਹੇ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀ 11 ਦਸੰਬਰ ਤੋਂ ਘਰ ਵਾਪਸੀ ਹੋਵੇਗੀ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਜਿੱਤ ਹਾਸਲ ਕਰਕੇ ਵਾਪਸ ਆ ਰਿਹਾ ਹੈ ਕੇਂਦਰ ਸਰਕਾਰ ਵਲੋਂ ਅਧਿਕਾਰਕ ਤੋਰ ਤੇ ਪ੍ਰਸਤਾਵ ਅੱਜ ਕਿਸਾਨਾਂ ਨੂੰ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ 11 ਦਸੰਬਰ 9 ਵਜੇ ਤੋਂ ਵਾਪਸੀ ਦਾ ਫੈਸਲਾ ਲਿਆ ਹੈ ਸ਼ਾਮ 5.30 ਵਜੇ ਸਟੇਜ ਤੋਂ ਮੋਰਚਾ ਫਤਹਿ ਦਾ ਐਲਾਨ ਕੀਤਾ ਜਾਵੇਗਾ। ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਆਏ ਇਸ ਫੈਸਲੇ ਨੂੰ ਸੁਣ ਕੇ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਵੱਲੋਂ ਬੋਲੇ-ਸੋ-ਨਿਹਾਲ ਦੇ ਜੈਕਾਰੇ ਲਾਏ ਗਏ।
ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹੁਣ ਐਸ.ਕੇ.ਐਮ ( ਸੰਯੁਕਤ ਕਿਸਾਨ ਮੋਰਚਾ) ਅਜਿਹੀ ਸੰਸਥਾ ਖੜੀ ਹੋ ਗਈ ਹੈ ਜੋ ਅੱਗੇ ਤੋਂ ਵੀ ਲੜਾਈ ਲੜਦੀ ਰਹੇਗੀ। ਸੂਤਰਾਂ ਮੁਤਾਬਕ 11 ਦਸੰਬਰ ਨੂੰ ਕਿਸਾਨ ਵਾਪਸੀ ਕਰਨਗੇ। ਇਸ ਦਾ ਐਲਾਨ ਅੱਜ ਸਿੰਘੂ ਮੋਰਚੇ ‘ਤੇ ਕੀਤਾ ਜਾਵੇਗਾ। ਸਾਰੇ ਕਿਸਾਨ ਸ਼ੰਭੂ ਬਾਰਡਰ ਤੱਕ ਇਕੱਠੇ ਆਉਣਗੇ, ਉਸ ਤੋਂ ਬਾਅਦ ਆਪਣੇ-ਆਪਣੇ ਘਰਾਂ ਨੂੰ ਚਲੇ ਜਾਣਗੇ। 13 ਦਸੰਬਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਿੱਤ ਲਈ ਸ਼ੁਕਰਾਨਾ ਅਰਦਾਸ ਕੀਤੀ ਜਾਵੇਗੀ ਅਤੇ 15 ਦਸੰਬਰ ਨੂੰ ਪੰਜਾਬ ‘ਚ ਚਲਦੇ ਸਾਰੇ ਮੋਰਚੇ ਸਮਾਪਤ ਕੀਤੇ ਜਾਣਗੇ।