ਹਾਲ ਹੀ ‘ਚ ਸੋਨਮ ਕਪੂਰ ਨੇ ਹਿਜਾਬ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ ਜਿਸ ਕਾਰਨ ਉਹ ਹੁਣ ਵਿਵਾਦਾਂ ‘ਚ ਘਿਰ ਗਈ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਹਿਜਾਬ ਦੀ ਤੁਲਨਾ ਸਿੱਖ ਪੱਗ ਨਾਲ ਕੀਤੀ। ਹੁਣ ਸੋਨਮ ਦੇ ਇਸ ਬਿਆਨ ‘ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਭੜਕ ਗਏ ਹਨ ਅਤੇ ਉਨ੍ਹਾਂ ਨੇ ਅਦਾਕਾਰਾ ਨੂੰ ਸਖ਼ਤ ਤਾੜਨਾ ਕੀਤੀ ਹੈ।
ਹਿਜਾਬ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੋਨਮ ਕਪੂਰ ਨੇ ਸੋਸ਼ਲ ਮੀਡੀਆ ਸਟੋਰੀ ‘ਤੇ ਇਕ ਪੋਸਟ ਪਾਈ ਸੀ, ਜਿਸ ਵਿਚ 2 ਫੋਟੋਆਂ ਵੀ ਸਨ। ਇਨ੍ਹਾਂ ਦੋਨਾਂ ਫੋਟੋਆਂ ਦੇ ਨਾਲ ਹੀ ਸੋਨਮ ਨੇ ਲਿਖਿਆ, “ਪਗੜੀ ਇੱਕ ਵਿਕਲਪ (ਕਿਸ) ਹੋ ਸਕਦੀ ਹੈ, ਪਰ ਹਿਜਾਬ ਨਹੀਂ ।”

ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਸੋਨਮ ਕਪੂਰ ਦੀ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਜਵਾਬ ‘ਚ ਲਿਖਿਆ, ”ਦਸਤਾਰ ਜਾਂ ‘ਦਸਤ-ਏ-ਯਾਰ’ ਦਾ ਮਤਲਬ ‘ਰੱਬ ਦਾ ਹੱਥ’ ਹੈ। ਇਹ ਕੋਈ ਵਿਕਲਪ ਨਹੀਂ ਹੈ, ਸਗੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਹੈ। ਸਿੱਖਾਂ ਦੀ ਪਛਾਣ ਦਾ ਅਨਿੱਖੜਵਾਂ ਅੰਗ ਹੈ। ਇਸ ਸੰਦਰਭ ਵਿੱਚ ਦਸਤਾਰ ਅਤੇ ਹਿਜਾਬ ਦੀ ਤੁਲਨਾ ਕਰਨਾ ਬਿਲਕੁਲ ਗਲਤ ਹੈ।”

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, “ਤੁਹਾਡਾ ਇਸ ਤਰਾਂ ਹਿਜਾਬ ਦੀ ਤੁਲਨਾ ਦਸਤਾਰ ਨਾਲ ਕਰਨਾ ਸਰਾਸਰ ਗਲਤ ਹੈ। ਸਾਰੇ ਧਰਮਾਂ ਦੀਆ ਆਪਣੀਆਂ ਆਪਣੀਆਂ ਮਾਨਤਾਵਾਂ ਹੁੰਦੀਆਂ ਹਨ। ਇਨ੍ਹਾਂ ਮਾਨਤਾਵਾਂ ਨੂੰ ਵੀ ਕਾਇਮ ਰੱਖਣਾ ਚਾਹੀਦਾ ਹੈ, ਪਰ ਜੋ ਤੁਸੀਂ ਜਾਣਬੁੱਝ ਕੇ ਅਜਿਹਾ ਕੀਤਾ ਹੈ, ਮੈਂ ਉਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਮੈਂ ਸੋਨਮ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਕੰਮ ਇੱਕ ਕਲਾਕਾਰ ਦਾ ਹੈ ਅਤੇ ਤੁਸੀਂ ਆਪਣਾ ਕੰਮ ਕਰੋ।”












