ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਜਨਰਲ (ਆਈਜੀ) ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਹੁਣ ਅੰਮ੍ਰਿਤਸਰ ਦੇ ਉੱਤਰੀ ਹਲਕੇ ਦੀ ਨੁਮਾਇੰਦਗੀ ਕਰ ਰਹੇ ‘ਆਪ’ ਵਿਧਾਇਕ ਹਨ, ਦੇ ਹੱਕ ਵਿੱਚ ਨਿੱਤਰ ਆਏ ਹਨ। ਰਾਜ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਸੋਚਦਿਆਂ ਡਾ: ਸਿੱਧੂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਨਜ਼ਰਅੰਦਾਜ਼ ਕਰਨ ‘ਤੇ ਹੈਰਾਨੀ ਪ੍ਰਗਟਾਈ।
ਆਪਣੇ ਟਵਿੱਟਰ ਹੈਂਡਲਰ ‘ਤੇ ਮੁੱਖ ਮੰਤਰੀ ਦਫਤਰ ਅਤੇ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਦੇ ਹੋਏ, ਉਨ੍ਹਾਂ ਨੇ ਕੁੰਵਰ ਨੂੰ ਗ੍ਰਹਿ ਵਿਭਾਗ ਸੌਂਪਣ ਦੀ ਆਪਣੀ ਸਿਫਾਰਸ਼ ਪੋਸਟ ਕੀਤੀ। ਉਨ੍ਹਾਂ ਨੇ ਲਿਖਿਆ: “ਪੰਜਾਬ ਵਿੱਚ ਅਪਰਾਧ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ। ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹਾ ਕਾਬਲ ਅਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਨੂੰ ਕਿਉਂ ਪੰਜਾਬ ਦੇ ਗ੍ਰਹਿ ਮੰਤਰੀ ਵਜੋਂ ਤਾਇਨਾਤ ਨਹੀਂ ਕੀਤਾ ਜਾ ਰਿਹਾ ਹੈ। ਮੈਨੂੰ ਯਾਦ ਹੈ ਜਦੋਂ ਉਹ ਅੰਮ੍ਰਿਤਸਰ ਵਿੱਚ ਤਾਇਨਾਤ ਸਨ।
“ਕਿਸੇ ਨੇ ਕੋਈ ਜੁਰਮ ਕਰਨ ਦੀ ਹਿੰਮਤ ਨਹੀਂ ਕੀਤੀ ਕਿਉਂਕਿ ਉਹ ਦੋਸ਼ੀਆਂ ਨੂੰ ਘੰਟਿਆਂ ਵਿੱਚ ਫੜ੍ਹ ਲੈਂਦੇ ਅਤੇ ਸਜ਼ਾ ਦਿੰਦੇ। ਨਾਲ ਹੀ ਕਿਸੇ ਵੀਆਈਪੀ ਨੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਫੋਨ ਕਰਨ ਦੀ ਹਿੰਮਤ ਨਹੀਂ ਕੀਤੀ। ਗੈਂਗਸਟਰ ਗਾਇਬ ਹੋ ਗਏ ਅਤੇ ਲੁੱਟ ਖੋਹ ਕਰਨ ਵਾਲੇ ਅਤੇ ਚੋਰ ਕਿਤੇ ਨਹੀਂ ਸਨ।”












