ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਤਵਾਰ ਨੂੰ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਸ਼ਨਮੁਖਾਨੰਦ ਹਾਲ, ਮੁੰਬਈ ਵਿਖੇ ਹੋਇਆ। ਲਤਾ ਮੰਗੇਸ਼ਕਰ ਦੇ ਪਿਤਾ ਮਾਸਟਰ ਦੀਨਾਨਾਥ ਮੰਗੇਸ਼ਕਰ ਦੀ ਵੀ 80ਵੀਂ ਬਰਸੀ ਮੌਕੇ ਮੋਦੀ ਨੇ ਸਭ ਤੋਂ ਪਹਿਲਾਂ ਲਤਾ ਦੀਦੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਫੋਟੋ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੰਚ ‘ਤੇ ਮੰਗੇਸ਼ਕਰ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਮੋਦੀ ਨੇ ਉਨ੍ਹਾਂ ਨਾਲ ਕਾਫੀ ਦੇਰ ਤੱਕ ਗੱਲਬਾਤ ਵੀ ਕੀਤੀ।
ਇਸ ਮੌਕੇ ਮੋਦੀ ਨੇ ਕਿਹਾ- ਮੈਂ ਇਹ ਪੁਰਸਕਾਰ ਦੇਸ਼ ਵਾਸੀਆਂ ਨੂੰ ਸਮਰਪਿਤ ਕਰਦਾ ਹਾਂ। ਲਤਾ ਦੀਦੀ ਮੇਰੀ ਵੱਡੀ ਭੈਣ ਵਰਗੀ ਸੀ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਲਤਾ ਦੀਦੀ ਨੂੰ ਦੇਖਿਆ। ਸੰਗੀਤ ਇੱਕ ਅਭਿਆਸ ਹੈ, ਇਹ ਇੱਕ ਭਾਵਨਾ ਵੀ ਹੈ। ਜਦੋਂ ਮੈਨੂੰ ਲਤਾ ਦੀਦੀ ਦੇ ਨਾਂ ‘ਤੇ ਪੁਰਸਕਾਰ ਮਿਲਦਾ ਹੈ ਤਾਂ ਮੈਨੂੰ ਅਪਣਾਪਨ ਮਹਿਸੂਸ ਹੁੰਦਾ ਹੈ। ਉਹ ਮੇਰੀ ਵੱਡੀ ਭੈਣ ਵੀ ਸੀ ਅਤੇ ਮੈਨੂੰ ਬਹੁਤ ਪਿਆਰ ਦਿੰਦੀ ਸੀ। ਮੈਂ ਇਹ ਸਨਮਾਨ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਸਮਰਪਿਤ ਕਰਦਾ ਹਾਂ। ਕਈ ਸਾਲਾਂ ਬਾਅਦ ਅਜਿਹਾ ਹੋਵੇਗਾ ਜਦੋਂ ਮੈਨੂੰ ਦੀਦੀ ਦੀ ਰੱਖੜੀ ਨਹੀਂ ਮਿਲੇਗੀ।
ਦੱਸ ਦਈਏ ਕਿ ਇਹ ਐਵਾਰਡ ਪ੍ਰਾਪਤ ਕਰਨ ਤੋਂ ਪਹਿਲਾ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅੱਜ ਉਹ ਇਹ ਸਨਮਾਨ ਲੈਣ ਮੁੰਬਈ ਆ ਰਹੇ ਹਨ। ਉਨ੍ਹਾਂ ਟਵੀਟ ਕੀਤਾ ਕਿ ਲਤਾ ਦੀਦੀ ਦੇ ਨਾਂ ‘ਤੇ ਇਹ ਸਨਮਾਨ ਮਿਲਣ ਲਈ ਉਹ ਬਹੁਤ ਧੰਨਵਾਦੀ ਹਨ। ਲਤਾ ਦੀਦੀ ਨੇ ਹਮੇਸ਼ਾ ਇੱਕ ਮਜ਼ਬੂਤ ਖੁਸ਼ਹਾਲ ਭਾਰਤ ਦਾ ਸੁਪਨਾ ਦੇਖਿਆ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ।