ਚੰਡੀਗੜ੍ਹ, 9 ਦਸੰਬਰ 2021 – ਸੁੱਚਾ ਸਿੰਘ ਛੋਟੇਪੁਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ‘ਚ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਬਟਾਲਾ ਹਲਕੇ ਤੋਂ ਸੁੱਚਾ ਸਿੰਘ ਛੋਟੇਪੁਰ ਨੂੰ ਟਿਕਟ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਵਾਰ ਚਰਚਾ ਸੀ ਕਿ ਉਹ ਮੁੜ ‘ਆਪ’ ਵਿੱਚ ਆ ਸਕਦੇ ਹਨ ਪਰ ਉਹ ਅਕਾਲੀ ਦਲ ‘ਚ ਸ਼ਾਮਿਲ ਹੋ ਗਏ ਹਨ।
ਜਥੇਦਾਰ ਛੋਟੇਪੁਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ-2017 ਤੋਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ‘ਆਪ’ ਨੂੰ ਅਲਵਿਦਾ ਆਖ ਦਿੱਤਾ ਸੀ। ਸੁੱਚਾ ਸਿੰਘ ਛੋਟੇਪੁਰ ਨੇ ਆਪਣਾ ਸਿਆਸੀ ਜੀਵਨ 1975 ਵਿੱਚ ਸ਼ੁਰੂ ਕੀਤਾ ਤੇ ਪਿੰਡ ਛੋਟੇਪੁਰ ਦੇ ਸਰਪੰਚ ਬਣੇ। 1985 ਵਿੱਚ ਉਨ੍ਹਾਂ ਨੇ ਧਾਰੀਵਾਲ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਇਸ ਸਮੇਂ ਦੌਰਾਨ ਉਹ ਸੁਰਜੀਤ ਸਿੰਘ ਬਰਨਾਲਾ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ।