ਮਾਨਸਾ, 14 ਜਨਵਰੀ 2022 : ਬੀਤੀ ਲੋਹੜੀ ਦੀ ਰਾਤ ਨੂੰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ‘ਚ ਪੂਰੇ ਪਰਿਵਾਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ‘ਚ ਪਤੀ-ਪਤਨੀ ਅਤੇ ਉਹਨਾਂ ਦੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੋਪੀ ਸਿੰਘ (31), ਪਤਨੀ ਗੀਤਾ ਰਾਣੀ (30) ਅਤੇ ਧੀ ਰੱਜੋ (2) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਰਿਸ਼ਤੇਦਾਰੀ ਵਿਚ ਲੋਹੜੀ ਦਾ ਤਿਉਹਾਰ ਮਨਾਉਣ ਉਪਰੰਤ ਮਾਨਸਾ ਦੇ ਪਿੰਡ ਬਛੋਆਣਾ ਤੋਂ ਪਿੰਡ ਫਤਿਹਗੜ੍ਹ (ਸੰਗਰੁਰ) ਨੂੰ ਜਾ ਰਹੇ ਸੀ ਕਿ ਅਚਾਨਕ ਪਿੰਡ ਦੋਦੜਾ ਦੇ ਨਜਦੀਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਜੋ ਇਕ ਦਰੱਖ਼ਤ ਨਾਲ ਜਾ ਟਕਰਾਈ ਜਿਸ ‘ਚ ਤਿੰਨਾਂ ਦੀ ਮੌਕੇ ‘ਤੇ ਮੌਤ ਹੋ ਗਈ।
ਸਦਰ ਪੁਲਿਸ ਨੇ ਮੌਕੇ ‘ਤੇ ਰਾਹਗੀਰਾਂ ਦੇ ਸਹਿਯੋਗ ਨਾਲ ਮ੍ਰਿਤਕਾ ਨੂੰ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਸਹਾਇਕ ਥਾਣੇਦਾਰ ਪਵਿੱਤਰ ਸਿੰਘ ਨੇ ਮ੍ਰਿਤਕ ਦੇ ਭਰਾ ਓਮ ਪ੍ਰਕਾਸ਼ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਧਾਰਾ 174 ਅਧੀਨ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਨੂੰ ਸੌਂਪ ਦਿੱਤੀਆਂ।












