ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਹਮਲਾ ਸ਼ੁਰੂ ਕਰ ਦਿੱਤਾ। ਦਹਿਸ਼ਤ ਭਰੇ ਮਾਹੌਲ ਵਿਚ ਬਹੁਤ ਸਾਰੇ ਵਿਦਿਆਰਥੀ ਅਤੇ ਭਾਰਤੀ ਯੂਕਰੇਨ ‘ਚ ਫਸੇ ਹੋਏ ਹਨ। ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ 24 ਫਰਵਰੀ ਨੂੰ ਇਕ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ‘ਚ ਯੂਕਰੇਨ ‘ਚ ਰਹਿ ਰਹੇ ਭਾਰਤੀਆਂ ਨੂੰ ਕਿਹਾ ਗਿਆ ਹੈ ਕਿ ਯੂਕਰੇਨ ਦੀ ਮੌਜੂਦਾ ਸਥਿਤੀ ਅਸਥਿਰ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਕ੍ਰਿਪਾ ਕਰਕੇ ਸ਼ਾਂਤ ਰਹੋ ਅਤੇ ਜਿੱਥੇ ਵੀ ਰਹੋ ਸੁਰੱਖਿਅਤ ਰਹੋ। ਭਾਰਤੀ ਦੂਤਾਵਾਸ ਨੇ ਯਾਤਰਾ ਕਰਨ ਤੋਂ ਵੀ ਵਰਜਿਆ ਹੈ ਅਤੇ ਆਪਣੇ ਘਰਾਂ, ਸ਼ਹਿਰਾਂ ‘ਚ ਹੀ ਰਹਿਣ ਨੂੰ ਕਿਹਾ ਹੈ।

ਜਿਕਰਯੋਗ ਹੈ ਕਿ ਵੀਰਵਾਰ ਨੂੰ ਯੂਕਰੇਨ ਵਿੱਚ ਰਾਜਧਾਨੀ ਕੀਵ ਸਮੇਤ ਕਈ ਸੂਬਿਆਂ ਵਿੱਚ 12 ਧਮਾਕੇ ਹੋਏ। ਰਾਜਧਾਨੀ ਕੀਵ ‘ਤੇ ਮਿਜ਼ਾਈਲ ਹਮਲਾ ਵੀ ਕੀਤਾ ਗਿਆ। ਉਥੇ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਇਸ ਜੰਗ ਦੇ ਮਾਹੌਲ ਵਿਚ ਯੂਕਰੇਨ ਵਿੱਚ ਫਸੇ ਭਾਰਤੀਆਂ ਦੇ ਬਚਾਅ ਮਿਸ਼ਨ ਨੂੰ ਵੀ ਰੋਕਣਾ ਪਿਆ। ਯੂਕਰੇਨ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਖ਼ਤਰੇ ਦੀ ਚਿਤਾਵਨੀ ਦੇ ਚੱਲਦਿਆਂ ਵਾਪਸ ਪਰਤ ਆਈ ਹੈ।












