ਨਵੀਂ ਦਿੱਲੀ, 8 ਦਸੰਬਰ 2021 – ਕਿਸਾਨ ਅੰਦੋਲਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕੇ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਪਹਿਲਾਂ ਨਵੀਂ ਚਿੱਠੀ ਲਿਖ ਕੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦੇ ਦਿੱਤਾ ਹੈ ਅਤੇ ਕਿਸਾਨ ਵੀ ਹੁਣ ਕਿਸੇ ਵੀ ਵੇਲੇ ਘਰ ਵਾਪਸੀ ਦਾ ਐਲਾਨ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਸੰਯੁਕਤ ਕਿਸਾਨ ਮੋਰਚੇ ਦੀ ਐਮਰਜੰਸੀ ਮੀਟਿੰਗ ਰੱਖੀ ਗਈ ਸੀ। ਜਿਸ ਵਿਚ ਬਲਬੀਰ ਸਿੰਘ ਰਾਜੇਵਾਲ, ਯੁੱਧਵੀਰ ਸਿੰਘ, ਸ਼ਿਵ ਕੁਮਾਰ ਕੱਕਾ, ਹਰਿੰਦਰ ਲੱਖੋਵਾਲ, ਅਸ਼ੋਕ ਧਾਵਲੇ ਮੌਜੂਦ ਹਨ। ਇਹ ਮੀਟਿੰਗ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ, ਆਲ ਇੰਡੀਆ ਕਿਸਾਨ ਸਭਾ ਦੇ ਮੁੱਖ ਦਫ਼ਤਰ ਵਿਚ ਹੋਈ ਹੈ। ਜਿਸ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਵੱਡਾ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ‘ਅੰਦੋਲਨ ਖਤਮ ਨਹੀਂ ਹੋਵੇਗਾ, ਮੁਲਤਵੀ ਕੀਤਾ ਜਾਵੇਗਾ।’
ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 2 ਵਜੇ ਹੋਣੀ ਹੈ, ਜਿਸ ਵਿੱਚ ਅੰਦੋਲਨ ਵਾਪਸੀ ਨੂੰ ਲੈ ਕੇ ਫੈਸਲਾ ਹੋ ਸਕਦਾ ਹੈ। ਕਿਸਾਨ ਮੋਰਚਾ ਅੰਦੋਲਨ ਖਤਮ ਕਰਨ ਦੀ ਤਰੀਕ ਦਾ ਐਲਾਨ ਕਰ ਸਕਦਾ ਹੈ। ਕਿਸਾਨ ਲੀਡਰਾਂ ਦੀ ਦੁਪਹਿਰ ਬਾਅਦ ਮੀਟਿੰਗ ਮਗਰੋਂ ਸਭ ਸਪੱਸ਼ਟ ਹੋ ਜਾਏਗਾ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਫੋਨ ਰਾਹੀਂ ਲਗਾਤਾਰ ਸਰਕਾਰ ਦੇ ਸੰਪਰਕ ਵਿੱਚ ਹਨ।
ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਪਹਿਲਾਂ ਨਵੀਂ ਚਿੱਠੀ ਲਿਖ ਕੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦੇ ਦਿੱਤਾ ਹੈ ਅਤੇ ਕਿਸਾਨਾਂ ‘ਤੇ ਹੋਏ ਪਰਚੇ ਵੀ ਰੱਦ ਹੋ ਸਕਦੇ ਹਨ ਕਿਉਂਕਿ ਖ਼ਬਰ ਮਿਲ ਰਹੀ ਹੈ ਕੇ ਸਰਕਾਰ ਅਤੇ ਕਿਸਾਨਾਂ ਵਿਚਾਲੇ ਤੁਰੰਤ ਪਰਚੇ ਰੱਦ ਕਰਨ ‘ਤੇ ਬਣ ਸਹਿਮਤੀ ਸਕਦੀ ਹੈ।