ਰਾਏਕੋਟ, 16 ਦਸੰਬਰ 2021 – ਦਾਣਾ ਮੰਡੀ ਰਾਏਕੋਟ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰੀ ਅਤੇ ਮੁੱਖ ਮੰਤਰੀ ਚੰਨੀ ਦੀ ਦੋ ਬਲਦਾਂ ਦੀ ਜੋੜੀ ਹੈ। ਸਿੱਧੂ ਨੇ ਕਿਹਾ ਕਿ ਉਹ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਮਾਡਲ ਦੀ ਝਲਕ ਦਿਖਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਜ਼ੁਬਾਨ ਦਿੰਦੇ ਹਨ ਕਿ ਕਿਸਾਨਾਂ ਦੀ ਪਛਾਣ ਉਹ ਆਪਣੇ ਛੋਟੇ ਵੀਰ ਚਰਨਜੀਤ ਸਿੰਘ ਚੰਨੀ ਨਾਲ ਰਲ ਕੇ ਖੜ੍ਹੀ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਰਾਹੀਂ ਇਕ ਨਵੀਂ ਸਵੇਰ ਵੀ ਪੰਜਾਬ ‘ਚ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਹਰ ਵਿਅਕਤੀ ਨੂੰ ਸਿਆਸਤ ਦਾ ਹਿੱਸਾ ਬਣਨਾ ਪਵੇਗਾ। ਇਸ ਵਾਰ ਮੈਂ ਪੰਜਾਬ ਦੀ ਲੜਾਈ ਲੋਕਾਂ ਦੇ ਲਈ ਲੜਨੀ ਹੈ। ਸਿੱਧੂ ਨੇ ਕਿਹਾ ਮੇਰਾ ਸੁਪਨਾ ਹੈ ਕਿ ਪੰਜਾਬ ’ਚ ਬਿਨਾਂ ਟੋਲ ਤੇ ਗੱਡੀ ਚੱਲੇ। ਮੈਂ ਜ਼ੁਬਾਨ ਦਿੰਦਾ ਹਾਂ, ਐੱਮ.ਐੱਸ.ਪੀ ’ਤੇ ਕਾਨੂੰਨ ਬਣਾਵਾਂਗੇ। ਮੈਂ ਕਸਮਾਂ-ਵਾਅਦੇ ਨਹੀਂ ਕਰਦਾ, ਪਰ ਮੇਰੀ ਜ਼ੁਬਾਨ ਪੱਕੀ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਖੋਖਲਾ ਹੁੰਦਾ ਜਾ ਰਿਹਾ ਹੈ ਅਤੇ ਜਵਾਨੀ ਬਰਬਾਦ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਭਰਨਾ ਪੈਣਾ ਹੈ ਅਤੇ ਕਿਸਾਨੀ ਅਤੇ ਜਵਾਨੀ ਨੂੰ ਖੜ੍ਹੇ ਕਰਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚੋਂ ਰੇਤ, ਕੇਬਲ ਅਤੇ ਸ਼ਰਾਬ ਦੀ ਚੋਰੀ ਰੋਕਣੀ ਪਵੇਗੀ ਅਤੇ ਇਸ ਦੇ ਨਾਲ ਹੀ ਪੰਜਾਬ ਦਾ ਖਜ਼ਾਨਾ ਭਰੇਗਾ।