ਜਲੰਧਰ: ਨਵੇਂ ਸਾਲ ਮੌਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਮੁੱਖ ਮੰਤਰੀ ਚੰਨੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਪੁਲਸ ਮੁਲਾਜ਼ਮਾਂ ਦੀ ਵੱਡੀ ਮੰਗ ਨੂੰ ਪ੍ਰਵਾਨ ਕਰਦਿਆਂ ਆਉਂਦੇ ਨਵੇਂ ਸਾਲ ਤੋਂ ਵਰਦੀ ਭੱਤਾ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਨੂੰ ਚੰਗੀ ਕੁਆਲਿਟੀ ਦੀ ਵਰਦੀ ਮੁਹੱਈਆ ਕਰਵਾਈ ਜਾਵੇਗੀ, ਜਿਸ ਦਾ ਪੂਰਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰੀ ਬੱਸਾਂ ’ਚ ਕਿਸੇ ਵੀ ਡਿਊਟੀ ਵਾਲੇ ਪੁਲਸ ਮੁਲਾਜ਼ਮ ਲਈ ਮੁਫਤ ਬੱਸ ਯਾਤਰਾ ਦਾ ਐਲਾਨ ਕੀਤਾ ਅਤੇ ਕਿਹਾ ਕਿ ਪੁਲਸ ਮੁਲਾਜ਼ਮਾਂ ਨੂੰ 13 ਮਹੀਨਿਆਂ ਦੀ ਤਨਖਾਹ ਮਿਲਦੀ ਰਹੇਗੀ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਬੰਬ ਨਕਾਰਾ ਕਰਨ ਵਾਲੀਆਂ ਯੂਨਿਟਾਂ ਡਿਊਟੀ ਦੌਰਾਨ ਆਪਣੀ ਜਾਨ ਨੂੰ ਖਤਰੇ ’ਚ ਪਾਉਂਦੀਆਂ ਹਨ ਅਤੇ ਇਸ ਨੂੰ ਦੇਖਦਿਆਂ ਸੂਬਾ ਸਰਕਾਰ ਉਨ੍ਹਾਂ ਨੂੰ ਜੋਖ਼ਮ ਭੱਤਾ ਮੁਹੱਈਆ ਕਰਵਾਏਗੀ।
ਉਨ੍ਹਾਂ ਨੇ ਕੈਂਪਾਂ ਦੌਰਾਨ ਪੰਜਾਬ ਪੁਲਸ ਦੇ ਖਿਡਾਰੀਆਂ ਲਈ ਡਾਈਟ ਵਾਸਤੇ ਮਿਲਦੀ ਰਾਸ਼ੀ ਮੌਜੂਦਾ 150 ਰੁਪਏ ਤੋਂ ਵਧਾ ਕੇ 250 ਰੁਪਏ ਪ੍ਰਤੀ ਦਿਨ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਚੰਨੀ ਨੇ ਖੇਡਾਂ ਨੂੰ ਹੁਲਾਰਾ ਦੇਣ ਲਈ ਪੀ.ਏ.ਪੀ. ਕੈਂਪਸ ’ਚ 1 ਕਰੋੜ ਰੁਪਏ ਦੀ ਲਾਗਤ ਨਾਲ ਗਰਾਊਂਡ ਦੀ ਮੁਰੰਮਤ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਸੂਬੇ ’ਚ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਅਤੇ ਮੁਹਾਲੀ ਹਵਾਈ ਅੱਡਿਆਂ ’ਤੇ ਪੁਲਸ ਸਾਂਝ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਨੇ ਪੁਲਸ ਫੋਰਸ ’ਚ 250 ਵਾਹਨਾਂ ਦੀ ਖਰੀਦ ਲਈ ਲੋੜੀਂਦੇ ਫੰਡਾਂ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਚੰਨੀ ਨੇ ਅਗਲੇ ਬਜਟ ਤੋਂ ਪੁਲਸ ਭਲਾਈ ਫੰਡ ਨੂੰ ਮੌਜੂਦਾ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਕਰਨ ਦਾ ਵੀ ਐਲਾਨ ਕੀਤਾ।












