ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਸਤੂਆਣਾ ਸਾਹਿਬ ਵਿਖੇ ਉਸਾਰੀ ਅਧੀਨ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਪੰਜਾਬ ਦੀ ਸਿਆਸਤ ਕਾਰਨ ਲਟਕ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਢੀਂਡਸਾ ਪਰਿਵਾਰ ’ਤੇ ਇਸ ਦਾ ਨਿਰਮਾਣ ਕਾਰਜ ਪੂਰਾ ਨਾ ਕਰਨ ਦਾ ਦੋਸ਼ ਲਾਇਆ।ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਾਲਜ ਵਿੱਚ ਮਾਰਚ ਮਹੀਨੇ ਵਿੱਚ ਪਹਿਲਾ ਸਮੈਸਟਰ ਸ਼ੁਰੂ ਕਰਨਾ ਚਾਹੁੰਦੀ ਸੀ ਪਰ ਪਰਮਿੰਦਰ ਸਿੰਘ ਢੀਂਡਸਾ ਸਮੇਤ ਸ਼੍ਰੋਮਣੀ ਕਮੇਟੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਾਰ ਦਾ ਬਦਲਾ ਲੈਣ ਲਈ ਕਾਲਜ ਦੀ ਜ਼ਮੀਨ ’ਤੇ ਦਾਅਵਾ ਕਰਦਿਆਂ ਅਦਾਲਤ ਤੋਂ ਸਟੇਅ ਲੈ ਲਈ। ਹੁਣ ਅਦਾਲਤ ਵਿੱਚ ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ 2023 ਨੂੰ ਹੋਣੀ ਹੈ।
ਮਾਨ ਨੇ ਰਜਿਸਟਰੀ ਦੇ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਜ਼ਮੀਨ ‘ਤੇ ਸ਼੍ਰੋਮਣੀ ਕਮੇਟੀ ਦਾ ਕੋਈ ਹੱਕ ਨਹੀਂ ਹੈ। ਜੇਕਰ ਸ਼੍ਰੋਮਣੀ ਕਮੇਟੀ ਦਾ ਵਿਕਾਸ ਦਾ ਇਰਾਦਾ ਹੁੰਦਾ ਤਾਂ ਅਦਾਲਤ ਤੋਂ ਸਟੇਅ ਨਾ ਲਿਆ ਜਾਂਦਾ ਅਤੇ ਅਜਿਹੀ ਸਥਿਤੀ ਵਿੱਚ ਕਾਲਜ ਦਾ 70 ਫੀਸਦੀ ਨਿਰਮਾਣ ਕਾਰਜ ਹੁਣ ਤੱਕ ਮੁਕੰਮਲ ਹੋ ਜਾਣਾ ਸੀ।ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਰਸਿੰਗ ਕਾਲਜ ਲਈ 7 ਕਰੋੜ 80 ਲੱਖ 97 ਹਜ਼ਾਰ ਰੁਪਏ ਜਾਰੀ ਕਰ ਦਿੱਤੇ ਹਨ। ਲੜਕੇ ਅਤੇ ਲੜਕੀਆਂ ਦੇ ਹੋਸਟਲ ਲਈ 49 ਕਰੋੜ 98 ਲੱਖ 36 ਹਜ਼ਾਰ ਰੁਪਏ ਵੀ ਜਾਰੀ ਕੀਤੇ ਗਏ ਸਨ ਪਰ ਅਦਾਲਤ ਦੇ ਸਟੇਅ ਕਾਰਨ ਉਸਾਰੀ ਦਾ ਕੰਮ ਲਟਕਿਆ ਪਿਆ ਹੈ।ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਾਲਜ ਕਿਉਂ ਨਹੀਂ ਬਣਨ ਦੇਣਾ ਚਾਹੁੰਦੇ। ਅਸਲ ਵਿੱਚ ਕੁਝ ਆਗੂ ਸਾਂਝੇ ਘਰ ਦੇ ਬੱਚਿਆਂ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ। ਇਸੇ ਕਰਕੇ ਇੱਥੇ ਵਿਕਾਸ ਨਹੀਂ ਹੋਣ ਦਿੱਤਾ ਜਾ ਰਿਹਾ।












