ਪੰਜਾਬ ਯੂਨੀਵਰਸਿਟੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਐੱਮ.ਏ. ਪਬਲਿਕ ਐਡਮਿਨਿਸਟ੍ਰੇਸ਼ਨ ਦੀ ਪ੍ਰੀਖਿਆ ਦੌਰਾਨ ਖਿੱਚੀ ਗਈ ਕਥਿਤ ਤਸਵੀਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰੀਖਿਆ ਹਾਲ ਅੰਦਰੋਂ ਸਾਹਮਣੇ ਆਈ ਤਸਵੀਰ ਨੇ ਯੂਨੀਵਰਸਿਟੀ ਦੀ ਪ੍ਰੀਖਿਆ ਪ੍ਰਣਾਲੀ ਅਤੇ ਨਿਯਮਾਂ ਦੀ ਪਾਲਣਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਚੰਡੀਗੜ੍ਹ ਦੇ ਸਾਬਕਾ ਮੇਅਰ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੈਨੇਟ ਤੇ ਸਿੰਡੀਕੇਟ ਮੈਂਬਰ ਦੇਵੇਸ਼ ਮੌਦਗਿਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਸੀ.ਪੀ. ਰਾਧਾਕ੍ਰਿਸ਼ਨਨ, ਵਾਈਸ ਚਾਂਸਲਰ ਮੀਨਾਕਸ਼ੀ ਗੋਇਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਭੇਜਿਆ ਹੈ।
ਮੌਦਗਿਲ ਨੇ ਸਵਾਲ ਉਠਾਇਆ ਕਿ ਜੇਕਰ ਪ੍ਰੀਖਿਆ ਕੇਂਦਰ ਵਿੱਚ ਮੋਬਾਈਲ ਫੋਨ, ਕੈਮਰੇ, ਸਮਾਰਟਵਾਚ, ਈਅਰਫੋਨ, ਟੈਬਲੇਟ ਅਤੇ ਲੈਪਟਾਪ ਵਰਗੇ ਇਲੈਕਟ੍ਰਾਨਿਕ ਉਪਕਰਣਾਂ ਦੀ ਮਨਾਹੀ ਹੈ ਤਾਂ ਪ੍ਰੀਖਿਆ ਹਾਲ ਅੰਦਰੋਂ ਤਸਵੀਰ ਕਿਵੇਂ ਖਿੱਚੀ ਗਈ। ਉਨ੍ਹਾਂ ਮੰਗ ਕੀਤੀ ਕਿ ਇਹ ਪਤਾ ਲਗਾਇਆ ਜਾਵੇ ਕਿ ਫੋਟੋ ਕਿਸ ਵਿਅਕਤੀ ਨੇ ਅਤੇ ਕਿਸ ਡਿਵਾਈਸ ਨਾਲ ਖਿੱਚੀ।
ਇਸ ਦੇ ਨਾਲ ਹੀ ਮੌਦਗਿਲ ਨੇ ਚੰਨੀ ਨੂੰ ਮਿਲੇ ਕਥਿਤ ‘ਵਿਸ਼ੇਸ਼ ਮੌਕੇ’ ਬਾਰੇ ਵੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੀਤੀ ਗਈ ਅਰਜ਼ੀ, ਕਾਰਨ, ਸੰਬੰਧਿਤ ਸ਼੍ਰੇਣੀ ਅਤੇ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਬਾਰੇ ਸਪੱਸ਼ਟਤਾ ਹੋਣੀ ਚਾਹੀਦੀ ਹੈ।
ਉਨ੍ਹਾਂ 20 ਅਗਸਤ ਦੀ ਪ੍ਰੀਖਿਆ ਨਾਲ ਸਬੰਧਤ ਸੀਸੀਟੀਵੀ ਰਿਕਾਰਡਿੰਗ ਸੁਰੱਖਿਅਤ ਰੱਖਣ ਦੀ ਵੀ ਮੰਗ ਕੀਤੀ ਹੈ, ਤਾਂ ਜੋ ਪ੍ਰੀਖਿਆ ਕੇਂਦਰ ਵਿੱਚ ਦਾਖ਼ਲ ਹੋਣ ਵਾਲੇ ਵਿਅਕਤੀਆਂ ਅਤੇ ਵਰਜਿਤ ਉਪਕਰਣਾਂ ਦੀ ਵਰਤੋਂ ਸਬੰਧੀ ਸਥਿਤੀ ਸਪੱਸ਼ਟ ਹੋ ਸਕੇ।
ਮੌਦਗਿਲ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਯੂਨੀਵਰਸਿਟੀ ਨੂੰ ਆਪਣੇ ਪ੍ਰੀਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ।












