ਫਿਰੋਜ਼ਪੁਰ ਨੇੜਲੇ ਪਿੰਡ ਮੱਲਵਾਲ ਕਦੀਮ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ‘ਰੱਖੜੀ ਬੰਪਰ ਡਰਾਅ’ ਵਿੱਚ 7 ਕਰੋੜ ਰੁਪਏ ਦੀ ਪਹਿਲੀ ਲਾਟਰੀ ਨਿਕਲੀ ਹੈ। ਪੰਜਾਬ ਪੁਲੀਸ ਦੀ 112 ਐਮਰਜੈਂਸੀ ਹੈਲਪਲਾਈਨ ’ਤੇ ਲੋਕਾਂ ਦੀਆਂ ਕਾਲਾਂ ਚੁੱਕਣ ਵਾਲੇ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਸ਼ਹਿਰ ਗਿਆ ਸੀ ਜਿਸ ਦੌਰਾਨ ਉਸ ਨੇ ਲਾਟਰੀ ਦੀ ਟਿਕਟ ਖ਼ਰੀਦੀ ਸੀ।
ਸੱਤ ਕਰੋੜ ਦੀ ਲਾਟਰੀ ਨਿਕਲਣ ਦੀ ਖ਼ੁਸ਼ਖ਼ਬਰੀ ਮਿਲਦਿਆਂ ਹੀ ਗੁਰਪ੍ਰੀਤ ਦੇ ਘਰ ਵਧਾਈਆਂ ਦੇਣ ਵਾਲੇ ਲੋਕ ਇਕੱਤਰ ਹੋ ਗਏ। ਗੁਰਪ੍ਰੀਤ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਰੇਲਵੇ ਵਿੱਚੋਂ ਸੇਵਾਮੁਕਤ ਹੋਏ ਹਨ। ਗੁਰਪ੍ਰੀਤ ਨੂੰ ਇਸ ਇਨਾਮ ਦੀ ਖ਼ਬਰ ਅੱਜ ਸਵੇਰੇ ਉਦੋਂ ਮਿਲੀ ਜਦੋਂ ਉਹ ਗੁਰਦੁਆਰਾ ਵਾਜਿਦਪੁਰ ਸਾਹਿਬ ਵਿੱਚ ਸੇਵਾ ਕਰ ਰਿਹਾ ਸੀ। ਗੁਰਪ੍ਰੀਤ ਨੇ ਕਿਹਾ ਕਿ ਇਹ ਕਿਸੇ ਸੁਫਨੇ ਦੇ ਸੱਚ ਹੋਣ ਵਰਗਾ ਹੈ। ਉਸ ਨੇ ਸ਼ਹਿਰ ਵਿੱਚ ਟਿਕਟ ਖ਼ਰੀਦਣ ਸਮੇਂ ਸੋਚਿਆ ਵੀ ਨਹੀਂ ਸੀ ਕਿ ਇਹ ਟਿਕਟ ਉਸ ਨੂੰ 7 ਕਰੋੜ ਰੁਪਏ ਦਾ ਮਾਲਕ ਬਣਾ ਦੇਵੇਗੀ। 112 ਦੀ ਡਿਊਟੀ ਕਰਨ ਵਾਲੇ ਇੱਕ ਪੁਲੀਸ ਮੁਲਾਜ਼ਮ ਦੇ ਅਚਾਨਕ ਕਰੋੜਪਤੀ ਬਣਨ ਦੀ ਖ਼ਬਰ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੂਜੇ ਪਾਸੇ, ਟਿਕਟ ਵੇਚਣ ਵਾਲੀ ਏਜੰਸੀ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਊਧਮ ਸਿੰਘ ਚੌਕ ਸਥਿਤ ‘ਐੱਨ ਕੇ ਏਜੰਸੀ’ ਦੇ ਮਾਲਕ ਤਿਲੋਕ ਸਿੰਘ ਅਤੇ ਉਨ੍ਹਾਂ ਦੀ ਟੀਮ ਇਸ ਜਿੱਤ ਦਾ ਜਸ਼ਨ ਮਨਾ ਰਹੀ ਹੈ। ਏਜੰਸੀ ਮਾਲਕ ਤਿਲੋਕ ਸਿੰਘ ਨੇ ਦੱਸਿਆ ਕਿ ਇਸ ਸਰਹੱਦੀ ਸ਼ਹਿਰ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਦੀ ਐਡੀ ਵੱਡੀ ਲਾਟਰੀ ਨਿਕਲੀ ਹੈ।












