ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀ ਅਤੇ ਕਰਮਚਾਰੀ ਡਿਊਟੀ ਦੌਰਾਨ ਹੁਣ ਭੜਕੀਲੇ ਅਤੇ ਛੋਟੇ ਕੱਪੜੇ ਨਹੀਂ ਪਾ ਸਕਣਗੇ। ਵਿਭਾਗ ਆਪਣੇ ਕਰਮਚਾਰੀਆਂ ਲਈ ਡਰੈੱਸ ਕੋਡ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।
ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਆਈਡੀ ਕਾਰਡ ਆਪਣੇ ਗਲੇ ਵਿੱਚ ਪਾ ਕੇ ਰੱਖਣਗੇ। ਇਹ ਜਾਣਕਾਰੀ ਪੀਐਸਪੀਸੀਐਲ ਵੱਲੋਂ ਜਾਰੀ ਪੱਤਰ ਵਿੱਚ ਦਿੱਤੀ ਗਈ ਹੈ। ਵਿਭਾਗ ਦੇ ਅਕਸ ਨੂੰ ਮੁੱਖ ਰੱਖਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦਤਾ ਅਤੇ ਅਨੁਸ਼ਾਸਨ ਅਪਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਪੀਐਸਪੀਸੀਐਲ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਫਾਰਮਲ ਪਹਿਰਾਵਾ ਪਹਿਨਣਗੇ।
ਇਸ ਤਹਿਤ ਮਹਿਲਾ ਕਰਮਚਾਰੀ ਜਾਂ ਅਧਿਕਾਰੀ ਸਲਵਾਰ ਕਮੀਜ਼ ਸੂਟ, ਸਾੜ੍ਹੀ, ਫਾਰਮਲ ਸ਼ਰਟ, ਪੈਂਟ ਅਤੇ ਪੁਰਸ਼ ਕਰਮਚਾਰੀ ਜਾਂ ਅਧਿਕਾਰੀ ਪੈਂਟ, ਫੁਲ ਸਲੀਵ ਕਮੀਜ਼, ਕੋਟ, ਸਵੈਟਰ, ਕੋਟ-ਪੈਂਟ ਜਾਂ ਕੁੜਤਾ-ਪਜਾਮਾ ਪਾਉਣਗੇ।
ਨਵੇਂ ਹੁਕਮਾਂ ਮੁਤਾਬਕ ਕੋਈ ਵੀ ਅਧਿਕਾਰੀ ਭੜਕੀਲੇ, ਛੋਟੇ, ਘੱਟ ਕਮਰ ਵਾਲੇ ਕੱਪੜੇ, ਲੋਅਰ ਪੈਂਟ ਜਾਂ ਸਲੀਵਲੇਸ ਕਮੀਜ਼ ਨਹੀਂ ਪਾਏਗਾ। ਚੌਥੀ ਸ਼੍ਰੇਣੀ ਦੇ ਪੁਰਸ਼ ਕਰਮਚਾਰੀਆਂ ਲਈ ਖਾਕੀ ਵਰਦੀ ਲਾਜ਼ਮੀ ਹੋਵੇਗੀ, ਜਦੋਂ ਕਿ ਚੌਥੀ ਸ਼੍ਰੇਣੀ ਦੀਆਂ ਮਹਿਲਾ ਕਰਮਚਾਰੀਆਂ ਲਈ ਸਫੈਦ ਵਰਦੀ ਅਤੇ ਗ੍ਰੇ ਰੰਗ ਦਾ ਦੁਪੱਟਾ ਲਾਜ਼ਮੀ ਹੋਵੇਗਾ।