ਪ੍ਰਵੀਨ ਵਿਕਰਾਂਤ
ਚੰਡੀਗੜ੍ਹ, 15 ਅਪ੍ਰੈਲ 2022 – ਕਾਂਗਰਸ ਦੀ ਬੇੜੀ ਦੇਸ਼ ਭਰ ‘ਚ ਕਿਉਂ ਡੁੱਬ ਰਹੀ ਏ, ਕੌਣ ਹੈ ਇਸਦੇ ਲਈ ਜਿੰਮੇਦਾਰ, ਸ਼ਾਇਦ ਪਤਾ ਪਾਰਟੀ ਅੰਦਰ ਵੀ ਬਹੁਤ ਸਾਰੇ ਲੋਕਾਂ ਨੂੰ ਏ ਪਰ ਬੋਲਣ ਤੋਂ ਡਰ ਰਹੇ ਨੇ ਸੱਭ। ਪਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਮੁਤਾਬਕ ਭਾਰਤ ਕਾਂਗਰਸ ਮੁਕਤ ਦੇਸ਼ ਬਣ ਜਾਏਗਾ। ਵੈਸੇ ਦੇਖਿਆ ਜਾਏ ਤਾਂ ਬਚਿਆ ਵੀ ਕੀ ਹੈ ਸਿਰਫ਼ ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਕਾਂਗਰਸ ਦੀ ਸਰਕਾਰ ਬਚੀ ਏ, ਜੇ ਉਹ ਵੀ ਅਗਲੇ ਸਾਲ ਤੱਕ ਰਣਨੀਤਿਕ ਤਰੀਕੇ ਨਾਲ ਮਿਹਨਤ ਕਰਕੇ ਕਾਇਮ ਰੱਖ ਸਕੇ ਤਾਂ। ਨਹੀਂ ਤਾਂ ਹਰ ਪਾਸੇ ਦੇਸ਼ ਦੀ ਸੱਭ ਤੋਂ ਪੁਰਾਣੀ ਅਤੇ ਵੱਡੀ ਰਹੀ ਪਾਰਟੀ ਦੇ ਪਤਨ ਦੀਆਂ ਹੀ ਚਰਚਾਵਾਂ ਚੱਲ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਬਾਰੇ ਲਏ ਫੈਸਲੇ ਦੇ ਬਾਅਦ ਤਾਂ ਹੁਣ ਹਾਲਤ ਇਹ ਹੋ ਗਈ ਏ ਕਿ ਬਹੁਤ ਸਾਰੇ ਸੀਨੀਅਰ ਆਗੂ ਬਿਨਾ ਕਿਸੇ ਐਕਸ਼ਨ ਦੀ ਪਰਵਾਹ ਕੀਤੇ ਭੜਾਸ ਕੱਢ ਰਹੇ ਨੇ। ਸਿਆਸੀ ਸਫਾਂ ਅੰਦਰ ਜੋ ਚਰਚਾ ਚੱਲ ਰਹੀ ਏ ਉਸਦੇ ਮੁਤਾਬਕ ਲੋਕ ਇਹ ਨਹੀਂ ਸੋਚ ਰਹੇ ਕਿ 2024 ‘ਚ ਕਾਂਗਰਸ ਨੂੰ ਟੱਕਰ ਦੇ ਕੇ ਹਕੂਮਤ ‘ਚ ਆ ਸਕੇਗੀ ਕਿ ਨਹੀਂ ਬਲਕਿ ਇਹ ਸੋਚ ਰਹੇ ਨੇ ਕਿ ਢੰਗ ਦੀ ਵਿਰੋਧੀ ਧਿਰ ਵਜੋਂ ਵੀ ਉਭਰ ਪਾਏਗੀ ਕਿ ਨਹੀਂ।
ਦਬੀ ਜੁਬਾਨ ਵਾਲੇ ਅਤੇ ਖੁੱਲ ਕੇ ਬੋਲਣ ਵਾਲੇ ਸੱਭ ਦੀ ਜੁਬਾਨ ‘ਤੇ ਇੱਕ ਹੀ ਨਾਂ ਏ ਰਾਹੁਲ ਗਾਂਧੀ। ਕਾਂਗਰਸ ‘ਚ ਚਿਹਰੇ ਵਜੋਂ ਕੋਈ ਨਜ਼ਰ ਆਉਂਦਾ ਏ ਤਾਂ ਰਾਹੁਲ ਗਾਂਧੀ, ਕਾਂਗਰਸ ਦੇ ਪਤਨ ਲਈ ਕੋਈ ਨਜ਼ਰ ਆਉਂਦਾ ਏ ਤਾਂ ਰਾਹੁਲ ਗਾਂਧੀ। ਬਾਕੀ ਕਿਸੇ ਨੂੰ ਕਿਉਂ ਨਹੀਂ ਉੱਠਣ ਦਿੱਤਾ ਜਾ ਰਿਹਾ। 2019 ‘ਚ ਪ੍ਰਧਾਨਗੀ ਵੀ ਛੱਡ ਦਿੱਤੀ ਪਰ ਕਾਂਗਰਸ ਦਾ ਚਿਹਰਾ ਫਿਰ ਰਾਹੁਲ ਗਾਂਧੀ, ਕੀ ਪਾਰਟੀ ‘ਚ ਧਨੰਤਰ ਆਗੂਆਂ ਦੀ ਐਨੀ ਕਮੀ ਹੋ ਗਈ ਜਾਂ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ, ਜਵਾਬ ਸ਼ਾਇਦ ਦੂਜਾ ਹੀ ਏ ਪਰ ਅਜੇ ਖੁੱਲ੍ਹ ਕੇ ਬੋਲਣ ਨੂੰ ਥੋੜ੍ਹਾ ਵਕਤ ਹੋਰ ਏ। ਸ਼ਾਇਦ ਅਜੇ ਉਡੀਕ ਕੀਤੀ ਜਾਏਗੀ ਜਦੋਂ ਕਾਂਗਰਸ ਦਾ ਪੂਰੀ ਤਰ੍ਹਾਂ ਸਭ ਪਾਸਿਓਂ ਸਫਾਇਆ ਹੋ ਜਾਏ।
ਕਹਿਣ ਨੂੰ ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ ਆਪ ਨੇ 2004 ਅਤੇ 2009 ਨੂੰ ਵਿੱਚ ਵਧੀਆ ਕਾਰਗੁਜਾਰੀ ਵਿਖਾਉਣ ਦੇ ਬਾਵਜੂਦ ਉਹ ਵੀ ਰਾਹੁਲ ਨੂੰ ਹੀ ਅੱਗੇ ਕਰਨਾ ਚਾਹੁੰਦੇ ਨੇ, ਤਾਂਕਿ ਪਰਿਵਾਰਕ ਸ਼ਾਸਨ ਚੱਲਦਾ ਰਹੇ। ਉਹ ਗੱਲ ਵੱਖਰੀ ਏ ਕਿ ਰਾਹੁਲ ਗਾਂਧੀ ਖੁਦ ਤਾਂ ਫਲਾਪ ਹੋ ਹੀ ਰਹੇ ਨੇ ਆਪਣੇ ਵਿਰੋਧੀ ਬੀਜੇਪੀ ਦੀਆਂ ਚਾਲਾਂ ਦਾ ਢੰਗ ਨਾਲ ਜਵਾਬ ਵੀ ਨਹੀਂ ਦੇ ਪਾਉਂਦੇ। ਬੀਜੇਪੀ ਕਾਂਗਰਸ ਨੂੰ ਐਂਟੀ ਹਿੰਦੂ ਚਿਹਰਾ ਸਾਬਿਤ ਕਰਕੇ ਜੇਕਰ ਸਾਰਾ ਵੋਟ ਬੈਂਕ ਇੱਕ ਤਰਫਾ ਕਰਨ ‘ਚ ਕਾਮਯਾਬ ਹੋ ਜਾਂਦੀ ਏ ਤਾਂ ਇਸ ਵਿੱਚ ਬੀਜੇਪੀ ਦੀ ਕਾਮਯਾਬੀ ਤੋਂ ਜਿਆਦਾ ਕਾਂਗਰਸ ਦੀ ਨਾਕਾਮਯਾਬੀ ਦਾ ਵੱਡਾ ਰੋਲ ਹੈ। ਅੱਜ ਤੱਕ ਕਿਹੜੀਆਂ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਕਾਂਗਰਸ ਦਾ ਕੋਈ ਠੋਸ ਪਲਾਨ ਪੇਸ਼ ਕੀਤਾ ਜਿਸਤੋਂ ਖੁਸ਼ ਹੋ ਕੇ ਵੋਟ ਮਿਲਣ, ਸਿਰਫ਼ ਵਿਰੋਧੀਆਂ ਦੀ ਬਦਕੋਹੀ ਕਰਨ ਨਾਲ ਜਨਤਾ ਨਹੀਂ ਮੰਨਦੀ।
ਗਾਂਧੀ ਪਰਿਵਾਰ ਦੀ ਪੁਸ਼ਤੈਨੀ ਸੀਟ ‘ਅਮੇਠੀ’ ਤੱਕ ਰਾਹੁਲ ਗਾਂਧੀ ਨੇ ਹਾਰ ਦਿੱਤੀ। ਪਰ ਹਾਂ ਜਿਸਨੂੰ ਲੈ ਕੇ ਰਾਹਲੁ ਗਾਂਧੀ ‘ਤੇ ਪਰਿਵਾਰਵਾਦ ਦੇ ਇਲਜਾਮ ਲੱਗਦੇ ਨੇ ਕਿ ਪਰਿਵਾਰ ਵੱਲੋਂ ਸਜੀ ਥਾਲੀ ਮਿਲ ਗਈ ਇਸ ਕਰਕੇ ਨਹੀਂ ਕੁੱਝ ਪਾਏ, ਇਸ ਨਾਲ ਜਿਆਦਾ ਸਹਿਮਤ ਨਹੀਂ ਹੋਇਆ ਜਾ ਸਕਦਾ। ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਉਦਾਹਰਣ ਨੇ ਜੋ ਵਿਰਸੇ ‘ਚ ਮਿਲੀ ਸਿਆਸਤ ਚੋਂ ਨਿਕਲ ਕੇ ਵੀ ਕਾਮਯਾਬ ਹੋਏ ਜਾਂ ਜੋ ਨਹੀਂ ਵੀ ਹੋਏ ਪਰ ਪੰਜਾਬ, ਰਾਜਸਥਾਨ, ਯੂਪੀ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ‘ਚ ਅਜਿਹੇ ਉਦਾਹਰਣ ਜ਼ਰੂਰ ਛੱਡ ਗਏ ਕਿ ਵਿਰਸੇ ਦੀ ਸਿਆਸਤ ਕੋਈ ਨਵੀਂ ਗੱਲ ਨਹੀਂ। ਰਾਹੁਲ ਗਾਂਧੀ ਆਪਣੇ ਪੂਰਵਜਾਂ ਤੋਂ ਬਹੁਤ ਕੁੱਝ ਸਿੱਖ ਸਕਦੇ ਸਨ, ਜਦੋਂ ਕਾਂਗਰਸ ਦੀ ਧਾਕ ਚੱਲ ਰਹੀ ਸੀ ਤਾਂ ਕਿਸੇ ਸੂਬੇ ਦੇ ਮੁੱਖ ਮੰਤਰੀ ਵਜੋਂ ਉਭਰ ਕੇ ਕਾਮਯਾਬ ਹੋ ਸਕਦੇ ਸਨ ਜਾਂ ਕੇਂਦਰ ਵਿੱਚ ਕੋਈ ਚੰਗਾ ਮੰਤਰਾਲਾ ਲੈ ਕੇ ਜਿੰਮੇਵਾਰੀ ਨਿਭਾ ਕੇ ਵੀ ਆਪਣੇ ਆਪ ਨੂੰ ਸਾਬਿਤ ਕਰ ਸਕਦੇ ਸਨ। ਹੋਰ ਤਾਂ ਹੋਰ ਆਪਣੇ ਵਿਰੋਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਬਹੁਤ ਕੁੱਝ ਸਿੱਖ ਸਕਦੇ ਹਨ ਕਿ ਕਿਵੇਂ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਬਾਲੀਵੁਡ ਨਾਲ ਜੁੜ ਕੇ, ਆਪਣੀ ਮਰਜੀ ਦੇ ਵੀਡੀਓ ਵਾਇਰਲ ਕਰਵਾ ਕੇ ਮਾਰਕੀਟਿੰਗ ਕੀਤੀ ਜਾ ਸਕਦੀ ਏ।
ਇੱਕ ਹੋਰ ਬਹੁਤ ਜਿਆਦਾ ਰੌਲਾ ਜਿਹਾ ਪਿਆ ਕਿ ਪ੍ਰਿਅੰਕਾ ਗਾਂਧੀ ਮੈਦਾਨ ‘ਚ ਆ ਜਾਵੇ ਤਾਂ ਕਾਂਗਰਸ ਪੁਰਾਣਾ ਮੁਕਾਮ ਹਾਸਿਲ ਕਰ ਸਕਦੀ ਏ, ਪਰ ਦੇਖਿਆ ਜਾਵੇ ਤਾਂ ਪ੍ਰਿਅੰਕਾ ਗਾਂਧੀ ਦੀ ਇਸ ਤਰ੍ਹਾਂ ਦੀ ਕਿਹੜੀ ਖਾਸੀਅਤ ਏ ਜਿਸ ਨਾਲ ਉਹ ਲੋਕਾਂ ਦੇ ਦਿਲਾਂ ‘ਤੇ ਰਾਜ ਕਰੇਗੀ? ਸਿਰਫ਼ ਇੰਦਿਰਾ ਗਾਂਧੀ ਨਾਲ ਸ਼ਕਲ ਮਿਲਣਾ ਕੋਈ ਹੁਨਰ ਨਹੀਂ ਹੋ ਸਕਦਾ। ਹਾਂ ਇੱਕ ਵੇਲਾ ਸੀ ਜਦੋਂ ਪ੍ਰਸ਼ਾਂਤ ਕਿਸ਼ੌਰ ਨੇ 2014 ‘ਚ ਪ੍ਰਿਅੰਕਾ ਗਾਂਧੀ ਨੂੰ ਚਿਹਰਾ ਬਨਾਉਣ ਲਈ ਕਿਹਾ ਸੀ, ਜਾਂ ਫਿਰ ਇਸ ਤੋਂ ਪਹਿਲਾਂ ਜਦੋਂ ਰਾਜੀਵ ਗਾਂਧੀ ਨਾਲ ਵੱਡਾ ਹਾਦਸਾ ਵਾਪਰ ਗਿਆ ਉਸ ਵਕਤ ਪ੍ਰਿਅੰਕਾ ਗਾਂਧੀ ਨੂੰ ਚਿਹਰਾ ਬਨਾਉਂਦੇ ਤਾਂ ਸ਼ਾਇਦ ਲੋਕ ਜਜਾਬਾਤੀ ਹੋ ਵੀ ਜਾਂਦੇ ਪਰ ਹੁਣ ਜਨਤਾ ਬਹੁਤ ਸਿਆਣੀ ਏ, ਗੱਲ-ਗੱਲ ‘ਚ ਕੁਣਾਂ ਪੁੱਟਦੀ ਏ। ਹੁਣ ਇਹ ਪੈਂਤਰਾ ਨਹੀਂ ਚੱਲਣ ਵਾਲਾ।
ਮੁੱਕਦੀ ਗੱਲ ਇਹ ਹੈ ਕਿ ਜੇ ਕਾਂਗਰਸ ਨੂੰ ਬਚਾਉਣਾ ਹੈ ਤਾਂ ਜਾਂ ਤਾਂ ਰਾਹੁਲ ਗਾਂਧੀ ਦੀ ਥਾਂ ਪਾਰਟੀ ਦਾ ਕੋਈ ਕਾਬਿਲ ਚਿਹਰਾ ਅੱਗੇ ਲਿਆਉਣਾ ਪਏਗਾ ਜਾਂ ਫਿਰ ਰਾਹੁਲ ਗਾਂਧੀ ਨੂੰ ਐਨੀ ਮਿਹਨਤ ਕਰਨੀ ਪਏਗੀ ਕਿ ਪਹਿਲਾਂ ਤਾਂ ਅਗਲੇ ਸਾਲ ਆਪਣਾ ਰਾਜਸਥਾਨ ਅਤੇ ਛੱਤੀਸਗੜ੍ਹ ਬਚਾ ਲੈਣ ਫਿਰ 2024 ਦਾ ਸੋਚਣ ਅਤੇ ਆਪਣੇ ਵਿਰੋਧੀ ਦੀਆਂ ਉਹ ਕਮੀਆਂ ਜਨਤਾ ਸਾਹਮਣੇ ਰੱਖ ਕੇ ਜਿਸ ਤੋਂ ਸਾਰੀ ਪਬਲਿਕ ਪਰੇਸ਼ਾਨ ਹੈ ਆਪਣਾ ਕੋਈ ਅਜਿਹਾ ਠੋਸ ਪਲਾਨ ਦੇਣ ਦੇਸ਼ ਨੂੰ ਜਿਸ ਨਾਲ ਬਾਜੀ ਪਲਟ ਸਕੇ। ਨਹੀਂ ਤਾਂ ਲੋਕ ਤਾਂ ਵੈਸੇ ਵੀ ਪ੍ਰਧਾਨਮੰਤਰੀ ਮੋਦੀ ਦਾ ਬਦਲ ਹੁਣ ਰਾਹੁਣ ਤੋਂ ਇਲਾਵਾ ਲੱਭਣ ਲੱਗ ਗਏ ਨੇ, ਸਰਵੇਖਣਾਂ ‘ਚ ਬੇਸ਼ਕ ਅਰਵਿੰਦ ਕੇਜਰੀਵਾਲ ਆ ਰਿਹਾ ਹੋਵੇ ਪਰ ਉਹ ‘ਦਿੱਲੀ’ ਅਜੇ ਬਹੁਤ ਦੂਰ ਏ ਯਾਨੀ ਰਾਹੁਲ ਗਾਂਧੀ ਕੋਲ ਅਜੇ ਵੀ ਮੌਕਾ ਹੈ।