ਚੰਡੀਗੜ੍ਹ, 17 ਨਵੰਬਰ 2022 (ਪ੍ਰਵੀਨ ਵਿਕਰਾਂਤ) – ਇੱਕ ਜ਼ਮਾਨਾ ਸੀ ਜਦੋਂ ਬਾਲੀਵੁਡ ਦਾ ਜਿੰਨਾ ਵੀ ਡੰਕਾ ਵੱਜਦਾ ਸੀ ਉਸ ਵਿੱਚ 90 ਫੀਸਦ ਪੰਜਾਬ ਦੇ ਕਲਾਕਾਰਾਂ ਦਾ ਯੋਗਦਾਨ ਹੁੰਦਾ ਸੀ, ਅੱਜ ਪਹਿਲਾਂ ਨਾਲੋਂ ਫਰਕ ਭਾਵੇਂ ਪੈ ਗਿਆ ਗਿਆ ਹੋਵੇ ਪਰ ਇਹ ਨਹੀਂ ਕਿ ਪੰਜਾਬ ‘ਚ ਹੁਣ ਅਦਾਕਾਰ ਨਹੀਂ ਹੁੰਦੇ, ਰੰਗ ਮੰਚ ਭਾਵ ਥਿਏਟਰ ਨਹੀਂ ਹੁੰਦਾ, ਸੱਭ ਕੁੱਝ ਹੁੰਦਾ ਹੈ ਤੇ ਚੋਟੀ ਦੇ ਕਲਾਕਾਰ ਵੀ ਮੌਜੂਦ ਨੇ। ਹੁਣ ਤੁਸੀਂ ਸੋਚੋਗੇ ਕਿ ਜੇ ਸੱਭ ਕੁੱਝ ਹੈ ਤਾਂ ਗਾਇਕ ਹੀ ਹਰ ਪੰਜਾਬੀ ਫਿਲਮ ਦਾ ਹੀਰੋ ਕਿਉਂ ਹੁੰਦਾ ਏ ਫਿਰ ਇਹ ਨਹੀਂ ਵੇਖਿਆ ਜਾਂਦਾ ਕਿ ਐਕਟਿੰਗ ‘ਚ ਕਿੰਨਾ ਕੁ ਮਾਹਰ ਹੈ ਬੱਸ ਇਹ ਵੇਖਿਆ ਜਾਂਦੈ ਕਿ ਗਾਇਕ ਦੇ ਤੌਰ ‘ਤੇ ਉਸਦੀ ਫੈਨ ਫੋਲੋਵਿੰਗ ਕਿੰਨੀ ਹੈ ਜਿਸਦਾ ਉਹਨਾਂ ਫਾਇਦਾ ਮਿਲ ਸਕੇ। ਮੈਂ ਇਹ ਨਹੀਂ ਕਹਿ ਰਿਹਾ ਕਿ ਅਜਿਹਾ ਸੋਚਣਾ ਜਾਂ ਇਹ ਸੋਚ ਕਿ ਫਿਲਮ ਤਿਆਰ ਕਰਨਾ ਕੋਈ ਮਾੜੀ ਗੱਲ ਹੈ ਪਰ ਇਸੇ ਪੈਮਾਨੇ ‘ਤੇ ਤੁਰ ਪੈਣਾ ਉਹਨਾਂ ਅਨੇਕਾਂ ਕਲਾਕਾਰਾਂ ਲਈ ਮਾੜੀ ਗੱਲ ਹੋ ਨਿਬੜੇਗੀ ਜੋ ਵਰ੍ਹਿਆਂ ਤੋਂ ਥਿਏਟਰ ‘ਚ ਸੰਘਰਸ਼ ਕਰਦੇ ਆ ਰਹੇ ਨੇ,ਉਹ ਐਕਟਿੰਗ ‘ਚ ਭਾਵੇਂ ਕਿੰਨੇ ਵੀ ਤਿਆਰ ਬਰ ਤਿਆਰ ਹੋਣ ਫਿਰ ਵੀ ਛੋਟੇ-ਛੋਟੇ ਰੋਲ ਵਾਸਤੇ ਉਹਨਾਂ ਨੂੰ ਘੀਸੀਆਂ ਕਰਨੀਆਂ ਪੈਂਦੀਆਂ ਨੇ।
ਦੂਜੇ ਪਾਸੇ ਜੇਕਰ ਤੁਹਾਡੀ ਕੋਈ ਐਲਬਮ ਮਾਰਕਿਟ ‘ਚ ਆ ਚੁੱਕੀ ਏ ਤੁਹਾਨੂੰ ਉਸਤੇ ਚਾਹੁਣ ਵਾਲੇ ਮਿਲ ਚੁੱਕੇ ਹਨ ਤਾਂ ਫਿਰ ਤੁਹਾਨੂੰ ਕਿਸੇ ਚੰਗੀ ਐਕਟਿੰਗ ਦੇ ਸਰਟੀਫਿਕੇਟ ਦੀ ਲੋੜ ਨਹੀਂ ਤੁਹਾਨੂੰ ਗੁਜਾਰੇ ਲਾਇਕ ਚੰਗਾ ਰੋਲ ਮਿਲ ਸਕਦੈ। ਜਲੰਧਰ ਦਾ ਦੇਸ਼ਭਗਤ ਯਾਗਦਾਰ ਹਾਲ, ਫਿਰ ਅੰਮ੍ਰਿਤਸਰ, ਚੰਡੀਗੜ੍ਹ, ਪਟਿਆਲਾ, ਫਗਵਾੜਾ ਮੋਗਾ ਆਦਿ ਥਾਵਾਂ ‘ਤੇ ਜੋ ਥਿਏਟਰ ਆਰਟਿਸਟ ਸੰਘਰਸ਼ ਕਰ ਰਹੇ ਨੇ ਉਹ ਕਿਸ ਉੱਮੀਦ ‘ਤੇ ਜੂਝੀ ਜਾ ਰਹੇ ਨੇ ਬੇਸ਼ਕ ਥਿਏਟਰ ਆਰਟਿਸਟ ਨੂੰ ਸਕੂਨ ਉਸੇ ਥਾਂ ‘ਤੇ ਮਿਲਦੈ ਪਰ ਕਿੰਨੀ ਦੇਰ ਕੋਈ ਘਰ ਫੂਕ ਤਮਾਸ਼ਾ ਦੇਖ ਸਕਦੈ, ਪਰਿਵਾਰ ਸੱਭ ਨੇ ਪਾਲਣੇ ਹੁੰਦੇ ਨੇ। ਇੱਕ ਗੱਲ ਇਹ ਵੀ ਹੈ ਕਿ ਜੇ ਕਾਬਿਲ ਕਲਾਕਾਰ ਫਿਲਮ ‘ਚ ਕੰਮ ਕਰਣਗੇ ਤਾਂ ਫਿਲਮ ਦਾ ਮਿਆਰ ਵੀ ਉੱਠੇਗਾ।
ਇੱਕ ਸਾਡੇ ਪੰਜਾਬੀ ਫਿਲਮ ਪ੍ਰੋਡਿਊਸਰਾਂ ‘ਚ ਇਹ ਬੜਾ ਰੁਝਾਨ ਹੈ ਕਿ ਜੇ ਜੱਟ ਸਿਰਲੇਖ ਨਾਲ ਕੋਈ ਫਿਲਮ ਚੱਲ ਜਾਏ ਤਾਂ ਸੱਭ ਨੇ ਉਹੀ ਸਿਰਲੇਖ ਫੜ ਲੈਣੈ, ਜੇ ਕਾਮੇਡੀ ਵਾਲੀ ਚੱਲ ਗਈ ਤਾਂ ਸੱਭ ਨੇ ਕਾਮੇਡੀ ਫਿਲਮਾਂ ਹੀ ਬਨਾਉਣੀਆਂ ਸ਼ੁਰੂ ਕਰ ਦੇਣੀਆਂ ਜੇ ਪੁਰਾਤਨ ਪੰਜਾਬ ਦਾ ਚੰਗਾ ਕੰਸੈਪਟ ਕਿਸੇ ਲਿਆ ਫਿਲਮ ਲੋਕਾਂ ਨੂੰ ਪਸੰਦ ਆਈ, ਹਿਟ ਹੋ ਗਈ, ਤਾਂ ਅਗਲੀਆਂ 10-15 ਫਿਰ ਪੁਰਾਤਨ ਪੰਜਾਬ ਦੀਆਂ ਫਿਲਮਾਂ ਹੀ ਲਓ। ਵਰਾਇਟੀ ਦਾ ਜੋਖਮ ਨਹੀਂ ਲੈਂਦੇ। ਇਸੇ ਲਈ ਵਰਾਇਟੀ ਹਮੇਸ਼ਾ ਖਲਦੀ ਰਹਿੰਦੀ ਏ। ਜਿਆਦਾਤਰ ਫਿਲਮਾਂ ਦਾ ਤਾਂ ਤੁਸੀਂ ਪੋਸਟਰ ਦੇਖ ਕੇ ਹੀ ਅੰਦਾਜਾ ਲਾ ਲੈਂਦੇ ਹੋ ਕਿ ਸਟੋਰੀ ਕੀ ਹੋਏਗੀ, ਅਤੇ ਕਰੀਬ-ਕਰੀਬ ਉਹੀ ਨਿਕਲਦੀ ਏ।
ਪੰਜਾਬੀ ਰਾਈਟਰ (ਲੇਖਕ) ਵੀ ਬਹੁਤ ਨੇ ਚੰਗੇ-ਚੰਗੇ ਨੇ ਪਰ ਸ਼ਾਇਦ ਉਹਨਾਂ ਨੂੰ ਆਪਣੀ ਕਾਬਲੀਅਤ ਵਿਖਾਉਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ, ਅਤੇ ਇੱਕ ਹੀ ਟਾਈਪ ਦੀ ਕਹਾਣੀ ਲਿਖਣ ਲਈ ਮਜਬੂਰ ਕੀਤਾ ਜਾਂਦਾ ਏ। ਦੱਖਣੀ ਭਾਰਤ ਦੀਆਂ ਫਿਲਮਾਂ ਪਹਿਲਾਂ ਭਾਵੇਂ ਫੁੱਕਰਾਪੰਥੀ ਜਿਆਦਾ ਵਿਖਾਏ ਜਾਣ ਕਾਰਨ ਸੱਭ ਥਾਈਂ ਪਸੰਦ ਨਹੀਂ ਸੀ ਕੀਤੀਆਂ ਜਾਂਦੀਆਂ ਪਰ ਅੱਜ ਬਾਲੀਵੁਡ ਨੂੰ ਵੀ ਮਾਤ ਦੇ ਰਹੀਆਂ ਨੇ, ਪੰਜਾਬ ਦੇ ਕਿੰਨੇ ਕਲਾਕਾਰਾਂ ਸਾਊਥ ਇੰਡੀਅਨ ਫਿਲਮਾਂ ‘ਚ ਕੰਮ ਕਰਕੇ ਪੈਸਾ ਕਮਾ ਰਹੇ ਨੇ, ਜੋ ਇੱਕ ਕੁਆਲਿਟੀ ਪਹਿਲੀਆਂ ਪੰਜਾਬੀ ਫਿਲਮਾਂ ‘ਚ ਹੁੰਦੀ ਸੀ ਜਦੋਂ ਲਤਾ ਮੰਗੇਸ਼ਕਰ, ਮੁਹੰਮਦ ਰਫੀ, ਆਸ਼ਾ ਭੋਂਸਲੇ, ਮਹਿੰਦਰ ਕਪੂਰ ਵਰਗੇ ਗਾਇਕ ਵੀ ਪੰਜਾਬ ਫਿਲਮ ਚ ਗਾਉਣ ਨੂੰ ਤਿਆਰ ਹੁੰਦੇ ਸਨ ਉਹ ਮਿਆਰ ਫਿਰ ਤੋਂ ਕਾਇਮ ਕਰਨ ਦੀ ਲੋੜ ਹੈ ਪਰ ਉਸਦੇ ਲਈ ਮਿਆਰੀ ਕਹਾਣੀਕਾਰਾਂ ਦੀਆਂ ਕਹਾਣੀਆਂ ਪ੍ਰੋਡਿਊਸਰ ਚੁੱਕਣਗੇ, ਐਕਟਰ ਐਕਟਿੰਗ ਦੇਖ ਕੇ ਅੱਗੇ ਲਿਆਉਣਗੇ ਤਾਂ ਤਾਂਹੀ ਹੋ ਸਕਦੈ। ਪੰਜਾਬੀ ਫਿਲਮਾਂ ਇੱਕ ਲੀਕ ਤੋਂ ਹੱਟ ਕੇ ਵੈਰਾਇਟੀ ਵੱਲ ਵੱਧਣਗੀਆਂ ਤਾਂ ਤਾਂਹੀ ਹੋ ਸਕਦੈ, ਇਸਦੇ ਲਈ ਸਾਡੀਆਂ ਸਰਕਾਰਾਂ ਨੂੰ ਹਰ ਤਰ੍ਹਾਂ ਦੀ ਇਮਦਾਦ ਦੇਣ ਦੀ ਲੋੜ ਹੈ ਅਤੇ ਹੁਣ ਤਾਂ ਸਾਡਾ ਮੁੱਖਮੰਤਰੀ ਵੀ ਖੁਦ ਕਲਾਕਾਰ ਹੈ ਜੇ ਹੁਣ ਇਹ ਨਾ ਹੋ ਸਕਿਆ ਤਾਂ ਅੱਗੇ ਵੈਸੇ ਹੀ ਮੁਸ਼ਕਿਲ ਹੈ।