ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮੀਟਰ ਰੀਡਰਾਂ ਦੀ ਪਿਛਲੇ ਤਿੰਨ ਮਹੀਨਿਆਂ- ਮਈ, ਜੂਨ ਤੇ ਜੁਲਾਈ ਦੌਰਾਨ ਹੜਤਾਲ ਕਾਰਨ ਖਪਤਕਾਰਾਂ ਨੂੰ ਔਸਤ ਖਪਤ ਦੇ ਆਧਾਰ ‘ਤੇ ਬਿੱਲ ਜਾਰੀ ਕੀਤੇ ਗਏ, ਜਿਸ ਕਾਰਨ ਕਈ ਮਾਮਲਿਆਂ ‘ਚ ਬਿੱਲ ਵੱਧ ਬਣ ਗਏ।
ਮੰਤਰੀ ਨੇ ਦੱਸਿਆ ਕਿ ਮਈ, ਜੂਨ ਤੇ ਜੁਲਾਈ ਦੌਰਾਨ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟਡ (PSPCL) ਵੱਲੋਂ ਪਿਛਲੇ ਸਾਲ ਦੀ ਔਸਤ ਖਪਤ ਦੇ ਆਧਾਰ ‘ਤੇ ਬਿੱਲ ਜਨਰੇਟ ਕੀਤੇ ਗਏ ਸਨ। ਤਿੰਨ ਮਹੀਨਿਆਂ ਦੀ ਖਪਤ ਨੂੰ ਇਕੱਠਾ ਕਰਕੇ ਔਸਤ ਕੱਢਣ ਕਾਰਨ ਕੁਝ ਖਪਤਕਾਰਾਂ ਦੀਆਂ ਯੂਨਿਟਾਂ 300 ਯੂਨਿਟ ਦੀ ਮੁਫ਼ਤ ਬਿਜਲੀ ਦੀ ਹੱਦ ਤੋਂ ਵੱਧ ਗਈ।
ਸੌਂਦ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਜੇਕਰ ਤਿੰਨ ਮਹੀਨਿਆਂ ਦੀ ਕੁੱਲ ਖਪਤ 950 ਯੂਨਿਟ ਬਣੀ ਤਾਂ ਇਸ ਨੂੰ ਤਿੰਨ ਨਾਲ ਵੰਡਣ ‘ਤੇ ਔਸਤ 316.66 ਯੂਨਿਟ ਬਣਦੀ ਹੈ। ਇਸ ਕਾਰਨ ਖਪਤਕਾਰ ਨੂੰ ਇੱਕੋ ਵਾਰ ਤਿੰਨ ਮਹੀਨਿਆਂ ਦਾ ਬਿੱਲ ਮਿਲਿਆ।
63 ਹਜ਼ਾਰ ਤੋਂ ਵੱਧ ਖਪਤਕਾਰ ਪ੍ਰਭਾਵਿਤ
ਮੰਤਰੀ ਅਨੁਸਾਰ ਪੀਐਸਪੀਸੀਐਲ ਦੇ ਕਰੀਬ 78 ਲੱਖ ਖਪਤਕਾਰਾਂ ‘ਚੋਂ 1 ਫ਼ੀਸਦੀ ਤੋਂ ਵੀ ਘੱਟ, 63,702 ਖਪਤਕਾਰਾਂ ਨੂੰ ਤਿੰਨ ਮਹੀਨਿਆਂ ਦਾ ਬਿੱਲ ਇਕੱਠਾ ਜਾਰੀ ਹੋਇਆ। ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਖਪਤਕਾਰਾਂ ਦੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਈ ਤੇ ਜੂਨ ਮਹੀਨੇ ਦੀ 300 ਯੂਨਿਟ ਦੀ ਸਬਸਿਡੀ ਖਪਤਕਾਰਾਂ ਨੂੰ ਦਿੱਤੀ ਜਾਵੇਗੀ। ਜੁਲਾਈ ‘ਚ ਜੇਕਰ ਖਪਤ ਮੁਫ਼ਤ ਬਿਜਲੀ ਦੀ ਨਿਰਧਾਰਤ ਹੱਦ ਤੋਂ ਵੱਧ ਹੋਈ ਹੈ ਤਾਂ ਉਸ ਵਾਧੂ ਖਪਤ ਦਾ ਬਿੱਲ ਭਰਨਾ ਪਵੇਗਾ।
ਉਦਾਹਰਣ ਵਜੋਂ, ਜੇਕਰ ਕਿਸੇ ਦੀ ਖਪਤ ਪਹਿਲੇ ਮਹੀਨੇ 250, ਦੂਜੇ ਮਹੀਨੇ 250 ਤੇ ਤੀਜੇ ਮਹੀਨੇ 450 ਯੂਨਿਟ ਰਹੀ ਤਾਂ ਤਿੰਨ ਮਹੀਨਿਆਂ ਦੀ ਕੁੱਲ ਖਪਤ 950 ਯੂਨਿਟ ਬਣਦੀ ਹੈ। ਤਿੰਨ ਨਾਲ ਭਾਗ ਕਰਨ ਤੋਂ ਬਾਅਦ ਇੱਕ ਮਹੀਨੇ ਦੀ ਔਸਤ 316.66 ਯੂਨਿਟ ਬਣ ਗਈ। ਸੌਂਦ ਨੇ ਕਿਹਾ ਕਿ ਇਹ ਮਾਮਲਾ ਵਿਭਾਗ ਦੇ ਧਿਆਨ ‘ਚ ਆਇਆ ਹੈ।
ਪੀਐਸਪੀਸੀਐਲ ਦੇ ਕੁੱਲ ਲਗਭਗ 78 ਲੱਖ ਖਪਤਕਾਰ ਹਨ ਤੇ 1 ਫ਼ੀਸਦੀ ਤੋਂ ਘੱਟ, ਕਰੀਬ 63 ਹਜ਼ਾਰ ਖਪਤਕਾਰਾਂ ਨੂੰ ਇਸ ਗੜਬੜੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਹੜਤਾਲ ਕਾਰਨ ਇਸ ਗੜਬੜੀ ਦਾ ਸਾਹਮਣਾ ਕਰਨਾ ਪਿਆ ਹੈ।
ਮੰਤਰੀ ਨੇ ਦੱਸਿਆ ਕਿ ਇਸ ਗੜਬੜੀ ਦਾ ਹੁਣ ਤਿੰਨ ਕੰਮ-ਕਾਜੀ ਦਿਨਾਂ ਅੰਦਰ ਨਿਪਟਾਰਾ ਕੀਤਾ ਜਾ ਰਿਹਾ ਹੈ। ਮਈ ਤੇ ਜੂਨ ਮਹੀਨੇ ਦੀ ਸਬਸਿਡੀ ਦਿੱਤੀ ਜਾਵੇਗੀ, ਜਦਕਿ ਜੁਲਾਈ ਮਹੀਨੇ ‘ਚ ਜੇਕਰ ਖਪਤ ਸਬਸਿਡੀ ਤੋਂ ਵੱਧ ਹੋਵੇਗੀ ਤਾਂ ਉਸ ਦਾ ਬਿੱਲ ਭਰਨਾ ਪਵੇਗਾ। ਇਸ ਨਾਲ ਮਈ ਤੇ ਜੂਨ ਮਹੀਨੇ ‘ਚ ਵੱਧ ਖਪਤ ਹੋਣ ਦਾ ਵੀ ਖਪਤਕਾਰਾਂ ਨੂੰ ਫਾਇਦਾ ਮਿਲੇਗਾ।
ਗਲਤ ਬਿੱਲ ਹੋਇਆ ਤਾਂ ਕੀਤਾ ਜਾਵੇਗਾ ਸੁਧਾਰ
ਮੰਤਰੀ ਸੌਂਦ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਨੇ ਵੱਧ ਬਿੱਲ ਅਜੇ ਤੱਕ ਨਹੀਂ ਭਰਿਆ, ਉਨ੍ਹਾਂ ਦੇ ਬਿੱਲਾਂ ਨੂੰ ਠੀਕ ਕੀਤਾ ਜਾਵੇਗਾ। ਜੇਕਰ ਕਿਸੇ ਖਪਤਕਾਰ ਨੇ ਪਹਿਲਾਂ ਹੀ ਬਿੱਲ ਜਮ੍ਹਾਂ ਕਰਵਾ ਦਿੱਤਾ ਹੈ ਤਾਂ ਵਾਧੂ ਰਕਮ ਨੂੰ ਅਗਲੇ ਬਿੱਲ ਸਾਈਕਲ ‘ਚ ਐਡਜਸਟ ਕੀਤਾ ਜਾਵੇਗਾ।
ਅਸਲ ਖਪਤ ਦੇ ਮੁਕਾਬਲੇ ਕਾਫ਼ੀ ਵੱਧ ਬਿੱਲ ਦਾ ਵੀ ਹੋਵੇਗਾ ਨਿਪਟਾਰਾ
ਕੈਬਨਿਟ ਮੰਤਰੀ ਸੌਂਦ ਨੇ ਵੱਧ ਬਿਜਲੀ ਬਿੱਲਾਂ ਨਾਲ ਜੁੜੀ ਇੱਕ ਹੋਰ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਖਪਤਕਾਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਦੇ ਬਿਜਲੀ ਬਿੱਲ ਉਨ੍ਹਾਂ ਦੀ ਅਸਲ ਖਪਤ ਦੇ ਮੁਕਾਬਲੇ ਕਾਫ਼ੀ ਵੱਧ ਆਏ ਹਨ।
ਮੰਤਰੀ ਸੌਂਦ ਨੇ ਦੱਸਿਆ ਕਿ ਪੀਐਸਪੀਸੀਐਲ ਵੱਲੋਂ ਨਵਾਂ ਬਿਲਿੰਗ ਸਾਫਟਵੇਅਰ ਇੰਟੀਗ੍ਰੇਟ ਕੀਤਾ ਗਿਆ ਸੀ। ਇਸ ਪ੍ਰਕਿਰਿਆ ਦੌਰਾਨ ਪੁਰਾਣੇ ਬਿਲਿੰਗ ਸਿਸਟਮ ਤੋਂ ਨਵੇਂ ਸਿਸਟਮ ‘ਚ ਡਾਟਾ ਟਰਾਂਸਫਰ ਕਰਦੇ ਸਮੇਂ ਸਾਫਟਵੇਅਰ ‘ਚ ਤਕਨੀਕੀ ਗਲਿੱਚ ਆ ਗਿਆ। ਇਸ ਕਾਰਨ ਕੁਝ ਖਪਤਕਾਰਾਂ ਦੇ ਬਿੱਲ ਸਹੀ ਤਰੀਕੇ ਨਾਲ ਜਨਰੇਟ ਨਹੀਂ ਹੋ ਸਕੇ।












