ਪੰਜਾਬੀ ਫਿਲਮ ਇੰਡਸਟਰੀ ਕੋਲ 2023 ‘ਚ ਆਪਣੇ ਦਰਸ਼ਕਾਂ ਨੂੰ ਖੁਸ਼ ਕਰਨ ਤੇ ਉਨ੍ਹਾਂ ਦਾ ਮਨੋਰੰਜਨ ਕਰਨ ਲਈ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੀ ਹੈ। ਜਦੋਂ ਕਿ ਕਈ ਫਿਲਮਾਂ ਪਹਿਲਾਂ ਹੀ ਸ਼ੈਡਿਊਲ ‘ਤੇ ਹਨ, ਤੇ ਕੁਝ ਬਿਲਕੁਲ ਨਵੀਆਂ ਰਿਲੀਜ਼ ਵੀ ਹੋਣ ਲਈ ਤਿਆਰ ਹਨ। ਇਸ ਸਾਲ ਐਮੀ ਵਿਰਕ ਨੇ ਆਪਣੀ ਐਲਬਮ ‘ਲੇਅਰਜ਼’ ਰਿਲੀਜ਼ ਕੀਤੀ ਹੈ। ਐਮੀ ਨੇ ਲੰਬੇ ਸਮੇਂ ਬਾਅਦ ਕੋਈ ਐਲਬਮ ਰਿਲੀਜ਼ ਕੀਤੀ, ਜਿਸ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਹੈ। ਇਸ ਦੇ ਨਾਲ ਨਾਲ ਐਮੀ ਵਿਰਕ ਇਸ ਸਾਲ 3-4 ਫਿਲਮਾਂ ;ਚ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ ‘ਮੌੜ’। ਇਸ ਫਿਲਮ ‘ਚ ਐਮੀ ਵਿਰਕ ਦੇਵ ਖਰੌੜ ਨਾਲ ਐਕਸ਼ਨ ਕਰਦੇ ਨਜ਼ਰ ਆਉਣਗੇ। ਐਮੀ ਵਿਰਕ ਨੇ ਫਿਲਮ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ।
ਅਜੇ ਤੱਕ ਤਾਂ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਮੌੜ ਇੱਕ ਪੀਰੀਅਡਿਕ ਫਿਲਮ ਹੋਵੇਗੀ ਤੇ ਪੁਰਾਣੀ ਫਿਲਮ ‘ਜੱਟ ਜੀਓਨਾ ਮੌੜ’ ਦਾ ਮੁੜ ਬਣਾਇਆ ਵਰਜਨ ਹੋ ਸਕਦੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਐਮੀ ਨੇ ਲਿਖਿਆ, ”ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ…ਉਮੀਦ ਕਰਦਾ ਸਾਰੇ ਠੀਕ ਹੋਵਾਂਗੇ… ਸਾਡੀ ਫਿਲਮ ਮੌੜ ( ਲਹਿੰਦੀ ਰੁੱਤ ਦੇ ਨਾਇਕ ),,, ਮੌੜ (ਲਹਿੰਦੀ ਰੁੱਤ ਦੇ ਨਾਇਕ) 16 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋ ਰਹੀ ਹੈ…ਸਾਡੀ ਟੀਮ ਨੇ ਬਹੁਤ ਹੀ ਜ਼ਿਆਦਾ ਮਹਿਨਤ ਕੀਤੀ ਆ…ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਫਿਲਮ ਬਹੁਤ ਪਸੰਦ ਆਵੇਗੀ… ਵਾਹਿਗੁਰੂ ਸਾਰਿਆਂ ਨੂੰ ਚੜਦੀਕਲਾ ‘ਚ ਰੱਖੇ #ਮੌੜ।” ਕਾਬਿਲੇਗ਼ੌਰ ਹੈ ਕਿ ਮੌੜ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ‘ਚੋਂ ਇਕ ਹੈ।
ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇਸ ਫਿਲਮ ‘ਚ ਪਹਿਲੀ ਵਾਰ ਦੇਵ ਖਰੌੜ ਤੇ ਐਮੀ ਵਿਰਕ ਦੀ ਜੋੜੀ ਇਕੱਠੇ ਐਕਟਿੰਗ ਕਰਦੇ ਨਜ਼ਰ ਆਵੇਗੀ। ਫੈਨਜ਼ ਦੇਵ ਤੇ ਐਮੀ ਨੂੰ ਸਿਲਵਰ ਸਕ੍ਰੀਨ ‘ਤੇ ਇਕੱਠੇ ਦੇਖਣ ਲਈ ਬੇਤਾਬ ਨਜ਼ਰ ਆ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਇਹ ਫਿਲਮ ਜਤਿੰਦਰ ਮੌਹਰ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਫਿਲਮ ਨੂੰ ਨਾਦ ਸਟੂਡੀਓਜ਼ ਤੇ ਅਮਰਿੰਦਰ ਗਿੱਲ ਦੀ ਪ੍ਰੋਡਕਸ਼ਨ ਕੰਪਨੀ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।












