ਪੰਜਾਬੀ ਗਾਇਕ ਬੱਬੂ ਮਾਨ ਆਪਣੇ ਨਵੇਂ ਗੀਤ ‘ਦੇਗ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਨੂੰ ਬੱਬੂ ਮਾਨ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖਬੂ ਪਸੰਦ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਗਾਣਾ ਟਰੈਂਡਿੰਗ ‘ਚ ਚੱਲ ਰਿਹਾ ਹੈ । ਇਸ ਗੀਤ ‘ਚ ਬੱਬੂ ਮਾਨ ਪ੍ਰਮਾਤਮਾ ਅੱਗੇ ਅਰਜੋਈ ਕਰ ਰਿਹਾ ਹੈ ਕਿ ਉਹ ਜੇ ਉਸ ਦਾ ਮਾਹੀ ਦੇ ਮੇਲ ਕਰਵਾ ਦੇਵੇ ਤਾਂ ਉਸ ਨੂੰ ਸਵਾ ਪੰਜ ਦੀ ਦੇਗ ਕਰਵਾਏਗੀ । ਇਸ ਦੇ ਨਾਲ ਹੀ ਗੀਤ ‘ਚ ਪ੍ਰੇਮਿਕਾ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰ ਰਹੀ ਹੈ ਕਿ ਉਹ ਹਰ ਵੇਲੇ ਉਸ ਦੀਆਂ ਤਸਵੀਰਾਂ ਨੂੰ ਧੂਫ ਦਿੰਦੀ ਹੈ ਉਹ ਹੋਰ ਕੀ ਕਰੇ ਉਸ ਨੂੰ ਖੁਸ਼ ਕਰਨ ਦੇ ਲਈ ।
ਇਹ ਗੀਤ ਬੱਬੂ ਮਾਨ ਦੀ ਐਲਬਮ ‘ਅੜਬ ਪੰਜਾਬੀ’ ਚੋਂ ਲਿਆ ਗਿਆ ਹੈ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਤਿਆਰ ਕੀਤਾ ਹੈ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰੱਬ ਨਾ ਕਰੇ, ਮਿੱਤਰਾਂ ਦੀ ਛੱਤਰੀ, ਦਿਲ ਤਾਂ ਪਾਗਲ ਹੈ, ਓਹੀ ਚੰਨ ਓਹੀ ਰਾਤਾਂ, ਟਰਾਲਾ, ਪੱਕੀ ਕਣਕ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ । ਉਹ ਬਹੁਤ ਜਲਦ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ‘ਸੁੱਚਾ ਸੂਰਮਾ’ ਟਾਈਟਲ ਹੇਠ ਬਣੀ ਪੰਜਾਬੀ ਫ਼ਿਲਮ ‘ਚ ਬੱਬੂ ਮਾਨ ਲੀਡ ਰੋਲ ‘ਚ ਨਜ਼ਰ ਆਉਣਗੇ ।













