ਕਾਮੇਡੀ ਸਟਾਰ ਭਾਰਤੀ ਸਿੰਘ ਹਾਲ ਹੀ ‘ਚ ਮਾਂ ਬਣੀ ਹੈ। ਮਾਂ ਬਣਨ ਤੋਂ ਬਾਅਦ, ਟੀਵੀ ਸਟਾਰ ਜਲਦੀ ਹੀ ਕੰਮ ਵਿੱਚ ਜੁੱਟ ਗਈ। ਜਿਵੇਂ ਹੀ ਅਦਾਕਾਰਾ ਭਾਰਤੀ ਸਿੰਘ ਮੁੰਬਈ ਫਿਲਮ ਸਿਟੀ ਪਹੁੰਚੀ ਤਾਂ ਉੱਥੇ ਮੌਜੂਦ ਪਾਪਰਾਜ਼ੀ ਨੇ ਉਸ ਨੂੰ ਕੈਮਰੇ ‘ਚ ਕੈਦ ਕਰ ਲਿਆ। ਇੱਥੇ ਕਾਮੇਡੀ ਸਟਾਰ ਨੇ ਪਾਪਰਾਜ਼ੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਬੱਚਾ 12 ਦਿਨ ਦਾ ਹੈ। ਜਿਸ ਤੋਂ ਬਾਅਦ ਉਹ ਅੱਜ ਪਹਿਲੀ ਵਾਰ ਕੰਮ ਲਈ ਰਵਾਨਾ ਹੋਈ ਹੈ। ਅਦਾਕਾਰਾ ਨੇ ਦੱਸਿਆ ਕਿ ਇਹੀ ਕਾਰਨ ਹੈ ਕਿ ਅੱਜ ਕੰਮ ‘ਤੇ ਆ ਕੇ ਉਹ ਬਹੁਤ ਰੋਈ। ਪਰ ਕੁਝ ਲੋਕਾਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਭਾਰਤੀ ਦਾ ਕੰਮ ‘ਤੇ ਵਾਪਸ ਆਉਣਾ ਪਸੰਦ ਨਹੀਂ ਆਇਆ।
ਭਾਰਤੀ ਸਿੰਘ ਦੀ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਭਾਰਤੀ ਸਿੰਘ ਨੂੰ ਆਪਣੇ ਸ਼ੋਅ ਦੇ ਸੈੱਟ ਦੇ ਬਾਹਰ ਦੇਖਿਆ ਗਿਆ, ਜਿੱਥੇ ਉਸ ਨੇ ਪਾਪਰਾਜ਼ੀ ਨਾਲ ਗੱਲ ਕਰਦੇ ਹੋਏ ਕਿਹਾ, ‘ਮੈਂ ਅੱਜ ਬਹੁਤ ਰੋਈ, ਕਿਉਂਕਿ ਬੇਟਾ ਸਿਰਫ 12 ਦਿਨਾਂ ਦਾ ਹੈ। ਉਸ ਨੂੰ ਛੱਡ ਕੇ ਕੰਮ ‘ਤੇ ਆ ਜਾਣਾ, ਪਰ ਕੀ ਕਰੀਏ ਕੰਮ-ਕਾਰ’। ਹਾਲਾਂਕਿ, ਭਾਰਤੀ ਸਿੰਘ ਨੇ ਆਪਣਾ ਮੂਡ ਠੀਕ ਕਰਦੇ ਹੋਏ ਪਾਪਰਾਜ਼ੀ ਨੂੰ ‘ਮਾਮਾ’ ਕਿਹਾ ਅਤੇ ਉਨ੍ਹਾਂ ਲਈ ਮਠਿਆਈ ਭੇਜਣ ਦੀ ਗੱਲ ਵੀ ਕੀਤੀ। ਸੋਸ਼ਲ ਮੀਡੀਆ ‘ਤੇ ਜਿੱਥੇ ਕੁਝ ਲੋਕਾਂ ਨੇ ਭਾਰਤੀ ਦੀ ਮਿਹਨਤ ਦੀ ਤਾਰੀਫ ਕੀਤੀ, ਉੱਥੇ ਹੀ ਕੁਝ ਲੋਕਾਂ ਨੇ ਕਾਮੇਡੀਅਨ ਨੂੰ ਬੁਰੀ ਤਰ੍ਹਾਂ ਨਾਲ ਟ੍ਰੋਲ ਵੀ ਕੀਤਾ।











