ਬੌਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਅੰਮ੍ਰਿਤਸਰ ਪਹੁੰਚੇ ਹਨ। ਇਸ ਸਮੇਂ ਉਨ੍ਹਾਂ ਦੀ ਬੇਟੀ ਅਤੇ ਅਦਾਕਾਰਾ ਜੂਹੀ ਬੱਬਰ ਵੀ ਉਨ੍ਹਾਂ ਦੇ ਨਾਲ ਸੀ। ਰਾਜ ਬੱਬਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਇਕ ਵਿਆਹ ਹੈ, ਜਿਸ ਦਾ ਹਿੱਸਾ ਬਣਨ ਲਈ ਉਹ ਆਏ ਹਨ। ਇਸ ਦੌਰਾਨ ਰਾਜ ਬੱਬਰ ਨੇ ਰੂਹੀ ਬੱਬਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਜਲਦੀ ਹੀ ਕੰਮ ਲਈ ਆਉਣਗੇ।
ਦੱਸ ਦਈਏ ਕਿ ਹਰਿਮੰਦਰ ਸਾਹਿਬ ਪਹੁੰਚ ਕੇ ਰਾਜ ਬੱਬਰ ਅਤੇ ਜੂਹੀ ਬੱਬਰ ਨੇ ਪਹਿਲਾਂ ਪਰਿਕਰਮਾ ਕੀਤੀ ਅਤੇ ਫਿਰ ਗੁਰੂ ਘਰ ਵਿਖੇ ਮੱਥਾ ਟੇਕ ਪਰਿਵਾਰ ਦੀ ਖੁਸ਼ੀ ਲਈ ਅਰਦਾਸ ਕੀਤੀ। ਉਹ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੱਲਬਾਤ ਕਰ ਰਹੇ ਸਨ। ਰਾਜ ਬੱਬਰ ਨੇ ਕਿਹਾ ਕਿ ਉਮੀਦ ਹੈ ਕਿ ਬਾਬਾ ਜੀ ਸਾਨੂੰ ਦੁਬਾਰਾ ਇੱਥੇ ਬੁਲਾਉਣਗੇ। ਚੰਗੇ ਕੰਮ ਲਈ ਇੱਥੇ ਆਵਾਂਗੇ।
ਜੂਹੀ ਬੱਬਰ ਨੇ ਦੱਸਿਆ ਕਿ ਉਸ ਨੇ ਗੁਰੂਘਰ ਵਿਖੇ ਮੱਥਾ ਟੇਕਿਆ ਹੈ। ਅੱਜ ਉਸ ਲਈ ਖਾਸ ਦਿਨ ਹੈ। ਅੱਜ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਪਿਤਾ ਰਾਜ ਬੱਬਰ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਇੱਥੇ ਆਪਣੇ ਚਚੇਰੇ ਭਰਾ ਦੇ ਵਿਆਹ ਲਈ ਆਏ ਹਨ। ਇਸ ਤੋਂ ਬਾਅਦ ਹੁਣ ਉਹ ਸਿੱਧਾ ਆਪਣੀ ਚਚੇਰੀ ਭੈਣ ਦੇ ਵਿਆਹ ‘ਤੇ ਜਾ ਰਹੀ ਹੈ। ਇਸ ਦੇ ਨਾਲ ਹੀ ਰਾਜ ਬੱਬਰ ਦੀ ਪਤਨੀ, ਬੇਟਾ ਆਰੀਅਨ ਅਤੇ ਪ੍ਰਤੀਕ ਬੱਬਰ ਵੀ ਅੰਮ੍ਰਿਤਸਰ ਪਹੁੰਚ ਰਹੇ ਹਨ।
ਰਾਜ ਬੱਬਰ ਨੇ ਦੱਸਿਆ ਕਿ ਉਨ੍ਹਾਂ ਦੀ ਫਲਾਈਟ ਜਲਦੀ ਪਹੁੰਚ ਗਈ ਅਤੇ ਉਹ ਹਰਿਮੰਦਰ ਸਾਹਿਬ ਆ ਗਏ। ਬਾਕੀ ਪਰਿਵਾਰ ਹੁਣ ਦੂਜੀ ਫਲਾਈਟ ‘ਤੇ ਪਹੁੰਚ ਰਿਹਾ ਹੈ। ਉਹ ਸਿੱਧੇ ਵਿਆਹ ਵਿੱਚ ਜਾਣਗੇ।











